ਬਰਨਾਲਾ, 25 ਜੂਨ (ਨਿਰਮਲ ਸਿੰਘ ਪੰਡੋਰੀ) : ਕੀ ਤੁਸੀ ਇੱਕ ਅਜਿਹਾ ਸਕੂਲ ਦੇਖਿਆ ਹੈ, ਜਿੱਥੇ ਬੱਚਿਆਂ ਦੇ ਨਾਲ ਪਰਿੰਦੇ (ਪੰਛੀ) ਵੀ ਰੌਣਕਾਂ ਲਗਾਉਂਦੇ ਹੋਣ, ਅਜਿਹਾ ਇੱਕ ਸਕੂਲ ਬਰਨਾਲਾ ਦੇ ਸ਼ਹਿਰ ਦੇ ਸੇਖਾ ਫਾਟਕ ਨੇੜੇ ਗਾਂਧੀ ਆਰੀਆ ਹਾਈ ਸਕੂਲ ਹੈ। ਉਂਝ ਤਾਂ ਭਾਵੇ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਹੋਣ ਕਰਕੇ ਬੱਚੇ ਸਕੂਲ ਨਹੀਂ ਆਉਂਦੇ ਪਰ ਸਕੂਲ ਦੇ ਅਧਿਆਪਕ ਦੱਸਦੇ ਹਨ ਕਿ ਪੰਛੀ ਹੁਣ ਵੀ ਰੋਜ਼ਾਨਾ ਦੀ ਤਰ੍ਹਾਂ ਸੈਂਕੜਿਆਂ ਦੀ ਗਿਣਤੀ ’ਚ ਸਕੂਲ ਆਉਦੇ ਹਨ । ਸਕੂਲ ਮੁਖੀ ਸ੍ਰੀ ਰਾਜਮਹਿੰਦਰ ਜੀ ਨੇ ਭਾਵਨਾਤਮਿਕ ਲਹਿਜ਼ੇ ’ਚ ਕਿਹਾ ਕਿ ਕੋਰੋਨਾ ਕਰਕੇ ਬੱਚੇ ਸਕੂਲ ਨਹੀਂ ਆਉਂਦੇ ਪਰ ਇਹ ਪੰਛੀ ਬੱਚਿਆਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ।

ਸਕੂਲ ਦੇ ਅਹਾਤੇ ਅੰਦਰ ਪੰਛੀਆਂ ਦੀ ਆਮਦ ਦਾ ਮੁੱਖ ਕਾਰਨ ਦੱਸਦੇ ਹੋਏ ਸਕੂਲ ਮੁਖੀ ਸ੍ਰੀ ਰਾਜਮਹਿੰਦਰ ਨੇ ਦੱਸਿਆ ਕਿ ਸਕੂਲ ਅੰਦਰ 150 ਦੇ ਕਰੀਬ ਵੱਡੇ ਦਰੱਖ਼ਤ ਅਤੇ ਛੋਟੇ ਪੌਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦਰੱਖ਼ਤਾਂ ਉੱਪਰ ’ਤੇ ਸਕੂਲ ਦੀਆਂ ਕੰਧਾਂ ਉੱਪਰ ਪੰਛੀਆਂ ਲਈ ਆਲ੍ਹਣੇ ਲਗਾਏ ਗਏ ਹਨ। ਇਹ ਆਲ੍ਹਣੇ ਮਿੱਟੀ ਦੇ ਘੜੇ ਅਤੇ ਲੱਕੜੀ ਦੇ ਬਣੇ ਹੋਏ ਹਨ । ਸਕੂਲ ਦੀਆਂ ਛੱਤਾਂ ਉੱਪਰ ਮਿੱਟੀ ਦੇ ਕਟੋਰਿਆਂ ’ਚ ਪਾਣੀ ਭਰ ਕੇ ਰੱਖਿਆ ਹੋਇਆ ਹੈ ਅਤੇ ਛੋਟੇ ਕਟੋਰੇ ਚੋਗੇ ਦੇ ਭਰ ਕੇ ਰੱਖੇ ਹੋਏ ਹਨ।

ਚੋਗੇ ਦੀਆਂ ਬੋਤਲਾਂ ਭਰ ਕੇ ਨਵੀਂ ਤਕਨੀਕ ਨਾਲ ਦਰੱਖ਼ਤਾਂ ਉੱਪਰ ਲਮਕਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਕੁਦਰਤ ਸੇਵਾ ਸੰਭਾਲ ਸੁਸਾਇਟੀ ਹੰਡਿਆਇਆ ਦੇ ਮੈਂਬਰ ਬਸਾਵਾ ਸਿੰਘ ਅਤੇ ਅਕਾਲ ਅਕੈਡਮੀ ਭਦੌੜ ਦੇ ਅਧਿਆਪਕ ਧਰਮਿੰਦਰ ਸਿੰਘ ਦੇ ਸਹਿਯੋਗ ਨਾਲ ਲੱਕੜੀ ਦੇ ਛੋਟੇ ਆਲ੍ਹਣੇ ਲਗਾਏ ਗਏ ਹਨ। ਸਕੂਲ ਮੁਖੀ ਨੇ ਦੱਸਿਆ ਕਿ ਇਸ ਕਾਰਜ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਭਾਰਤ ਭੂਸ਼ਣ ਮੈਨਨ ਦੀ ਸਕੂਲ ਨੂੰ ਹਰਿਆ ਭਰਿਆ ਬਣਾਉਣ ਅਤੇ ਪੰਛੀਆਂ ਦੀ ਸਾਂਭ ਸੰਭਾਲ ਲਈ ਦਿੱਤੀ ਪ੍ਰੇਰਨਾ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਰਹੀ ਹੈ। ਸ੍ਰੀ ਰਾਜਮਹਿੰਦਰ ਨੇ ਕਿਹਾ ਕਿ ਦਰੱਖ਼ਤਾਂ ਤੋਂ ਸਾਨੂੰ ਮੁਫਤ ਵਿੱਚ ਆਕਸੀਜਨ ਮਿਲਦੀ ਹੈ ਅਤੇ ਪੰਛੀ ਸਾਨੂੰ ਹਮੇਸ਼ਾ ਖ਼ੁਸ਼ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਸੇਵਾਦਾਰ ਮੱਖਣ ਸਿੰਘ ਤੇ ਰਾਏ ਸਿੰਘ ਰੋਜ਼ਾਨਾ ਮਿੱਟੀ ਦੇ ਕਟੋਰਿਆਂ ’ਚ ਤਾਜ਼ਾ ਪਾਣੀ ਪਾਉਂਦੇ ਹਨ ਅਤੇ ਚੋਗਾ ਵੀ ਖਿਲਾਰਦੇ ਹਨ। ਇਸ ਮੌਕੇ ਮਾਸਟਰ ਰਾਮਚੰਦਰ ਆਰੀਆ , ਚਰਨਜੀਤ ਸ਼ਰਮਾ, ਪ੍ਰਵੀਨ ਕੁਮਾਰ, ਨਵੀਨਾ ਰਾਣੀ , ਵੀਨਾ ਰਾਣੀ, ਰਵਨੀਤ ਕੌਰ, ਰੀਨਾ ਰਾਣੀ, ਸਕੂਲ ਅਧਿਆਪਕ ਵੀ ਹਾਜ਼ਰ ਸਨ।
ਬਹੁਤ ਵਧੀਆ ਕਵਰੇਜ