ਬਰਨਾਲਾ, 9 ਨਵੰਬਰ (ਨਿਰਮਲ ਸਿੰਘ ਪੰਡੋਰੀ)-
ਉਚੇਰੀ ਸਿੱਖਿਆ,ਖੇਡਾਂ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਜਸਪ੍ਰੀਤ ਤਲਵਾੜ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਂਦਿਆਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਾਹਿਤਕ ਸਮਾਗਮਾਂ ਦੀ ਲੜੀ ਅਧੀਨ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਸਥਾਨਕ ਐੱਸ.ਡੀ.ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਇਆ ਗਿਆ। ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ ਜਦਕਿ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਸਮਾਗਮ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਖੁਦ ਸਾਹਿਤਕ ਰੁਚੀਆਂ ਦੀ ਸਖਸ਼ੀਅਤ ਦੇ ਮਾਲਕ ਹੋਣ ਕਾਰਨ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਤਤਪਰ ਹਨ। ਉਹਨਾਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁਲਿਤ ਕਰਨਾ ਸਮੇਂ ਦੀ ਜਰੂਰਤ ਕਿਹਾ।ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਸਾਡਾ ਸਭ ਦਾ ਨੈਤਿਕ ਫਰਜ਼ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਲਾਇਬ੍ਰੇਰੀਆਂ ਨਾਲ ਜੋੜਿਆ ਜਾਣਾ ਬੇਹੱਦ ਜਰੂਰੀ ਹੈ। ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਨੇ ਆਪਣੇ ਪ੍ਰਧਾਨਗੀ ਭਾਸ਼ਣ ‘ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਪ੍ਰਸ਼ੰਸ਼ਾਂ ਕਰਦਿਆਂ ਕਿਹਾ ਕਿ ਸਾਹਿਤ ਨੂੰ ਜਿਉਂਦਾ ਰੱਖਣ ਲਈ ਉਸ ਨੂੰ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਦੇਣਾ ਬਹੁਤ ਜਰੂਰੀ ਹੁੰਦਾ ਹੈ।ਲੋਕ ਕਵੀ ਸੰਤ ਰਾਮ ਉਦਾਸੀ ਦੀ ਲੜਕੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਪਣੇ ਪਿਤਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਯਥਾਰਥ ਦੀ ਧਰਾਤਲ ‘ਤੇ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕਰਿਆ ਕਰਦੇ ਸਨ ਅਤੇ ਇਸੇ ਕਾਰਨ ੳੇੁਹਨਾਂ ਦੀਆਂ ਕਵਿਤਾਵਾਂ ਅਤੇ ਗੀਤ ਆਮ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹਨ।ਸਮਾਗਮ ਨੂੰ ਐੱਸ.ਡੀ.ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ.ਤਪਨ ਕੁਮਾਰ ਸਾਹੂ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਸਮਾਗਮ ਦੇ ਕਵੀ ਦਰਬਾਰ ‘ਚ ਸਾਗਰ ਸਿੰਘ ਸਾਗਰ,ਸੀ.ਮਾਰਕੰਡਾ,ਰਾਮ ਸਰੂਪ ਸ਼ਰਮਾ,ਰਾਜਿੰਦਰ ਸ਼ੌਕੀ,ਤੇਜਿੰਦਰ ਚੰਡਿਹੋਕ,ਤਰਸੇਮ,ਡਾ.ਤਰਸਪਾਲ ਕੌਰ,ਮਲਕੀਤ ਸਿੰਘ ਗਿੱਲ,ਹਰਦੀਪ ਕੌਰ ਬਾਵਾ,ਰਜਨੀਸ਼ ਕੌਰ ਬਬਲੀ,ਮਨਦੀਪ ਕੌਰ ਭਦੌੜ,ਬਘੇਲ ਸਿੰਘ ਧਾਲੀਵਾਲ,ਗੁਰਪਾਲ ਬਿਲਾਵਲ,ਟੇਕ ਢੀਂਗਰਾ ਚੰਦ,ਅਮਨਦੀਪ ਧਾਲੀਵਾਲ,ਤੇਜਾ ਸਿੰਘ ਤਿਲਕ,ਜਗੀਰ ਸਿੰਘ ਦਿਲਬਰ ਅਤੇ ਕੰਵਰਜੀਤ ਸਿੰਘ ਭੱਠਲ ਸਮੇਤ ਵਿਦਿਆਰਥੀ ਜਸਪ੍ਰੀਤ ਸਿੰਘ,ਪ੍ਰਤਾਪ ਸਿੰਘ,ਕ੍ਰਿਸ਼ਨ ਕੁਮਾਰ,ਹਰੀ ਗੋਪਾਲ ਅਤੇ ਗੁਰਜੋਤ ਸਿੰਘ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ‘ਚ ਜੁਗਰਾਜ ਧੌਲਾ,ਪ੍ਰੋ .ਸ਼ੋਇਬ ਜ਼ਫਰ, ਪ੍ਰੋ.ਲਖਵੀਰ ਸਿੰਘ, ਪ੍ਰੋ.ਅੰਮ੍ਰਿਤਪਾਲ ਸਿੰਘ, ਪ੍ਰੋ.ਅਮਨਦੀਪ ਕੌਰ, ਬਲਵਿੰਦਰ ਕੁਮਾਰ, ਸੁਖਮਨੀ ਸਿੰਘ ਅਤੇ ਗੋਬਿੰਦ ਸਿੰਘ ਸਮੇਤ ਐੱਸ.ਡੀ.ਕਾਲਜ ਆਫ ਐਜੂਕੇਸ਼ਨ ਅਤੇ ਐੱਸ.ਡੀ ਕਾਲਜ ਦੇ ਪੱਤਰਕਾਰੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ। ਮੰਚ ਸੰਚਾਲਨ ਦਾ ਫਰਜ਼ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫ਼ਸਰ ਅਤੇ ਡਾ.ਤਰਸਪਾਲ ਕੌਰ ਵੱਲੋਂ ਸਾਂਝੇ ਤੌਰ ‘ਤੇ ਨਿਭਾਇਆ ਗਿਆ।