-ਪਰਮਿੰਦਰ ਦੀ ਗੱਲ ਵੀ ਨਾ ਸੁਣੀ ਸੁਰਿੰਦਰਪਾਲ ਨੇ
ਪਟਿਆਲਾ, 27 ਜੂਨ (ਜੀ98 ਨਿਊਜ਼) : 80 ਵਰਿ੍ਆਂ ਦੇ ਬਾਪੂ ਦੀ ਡੰਗੋਰੀ ਉਮਰ ਦੀ ਪੌੜੀ ਦੇ 36ਵੇਂ ਡੰਡੇ ’ਤੇ ਪੁੱਜੇ ਸਰਕਾਰੀ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਸਿੰਘ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਸੁਰਿੰਦਰਪਾਲ ਸਿੰਘ ਪਿਛਲੇ 99 ਦਿਨਾਂ ਤੋਂ ਪਟਿਆਲਾ ਵਿਖੇ 300 ਫੁੱਟ ਉੱਚੇ ਟਾਵਰ ਦੀ 260 ਫੁੱਟ ਉਚਾਈ ’ਤੇ ਬੈਠਾ ਹੈ ਅਤੇ ਪਿਛਲੇ 8 ਦਿਨਾਂ ਤੋਂ ਉਸ ਨੇ ਮਰਨ ਵਰਤ ਵੀ ਸ਼ੁਰੂ ਕੀਤਾ ਹੋਇਆ ਹੈ। ਸੁਰਿੰਦਰਪਾਲ ਨੇ ਸੰਘਰਸ਼ ਤਾਂ ਨੌਕਰੀ ਲਈ ਸ਼ੁਰੂ ਕੀਤਾ ਸੀ ਪਰ ਹੁਣ ਸੰਘਰਸ਼ ਜ਼ਿੰਦਗੀ ਅਤੇ ਮੌਤ ਦਾ ਬਣਿਆ ਹੋਇਆ ਹੈ। ਸੁਰਿੰਦਰਪਾਲ ਦੀਆਂ ਤਾਜ਼ਾ ਮੈਡੀਕਲ ਰਿਪੋਰਟਾਂ ਅਨੁਸਾਰ ਉਸ ਦੇ ਬਲੱਡ ਸ਼ੂਗਰ ਦਾ ਲੈਵਲ ਸ਼ਿਰਫ਼ 40 ਹੈ, ਜੋ ਨਾਰਮਲ ਅਵਸਥਾ ਵਿੱਚ 80-170 ਹੋਣਾ ਚਾਹੀਦਾ ਹੈ।
ਸੁਰਿੰਦਰਪਾਲ ਸਿੰਘ ਈ.ਟੀ.ਟੀ. (ਟੈਟ ਪਾਸ) ਬੇਰੁਜ਼ਗਾਰ ਅਧਿਆਪਕ ਹੈ ਜਿਸ ਦੀ ਮੁੱਖ ਮੰਗ ਹੈ ਕਿ ਸਰਕਾਰ ਵੱਲੋਂ ਕੱਢੀਆਂ 2364 ਪੋਸਟਾਂ ਲਈ ਜੇਕਰ ਕੱਚੇ ਅਧਿਆਪਕਾਂ ਨੂੰ ਦਿੱਤੀ ਟੈਟ ਤੋਂ ਛੋਟ ਅਤੇ 10 ਨੰਬਰਾਂ ਦੀ ਵਾਧੂ ਰਿਆਇਤ ਨਾ ਦਿੱਤੀ ਜਾਵੇ ਤਾਂ ਉਸ ਨੂੰ ਪੱਕੀ ਨੌਕਰੀ ਮਿਲ ਜਾਵੇਗੀ। ਸੁਰਿੰਦਰਪਾਲ ਸਿੰਘ ਦੀ ਵਿਗੜਦੀ ਜਾ ਰਹੀ ਹਾਲਤ ਕਾਰਨ ਉਸ ਦੇ ਸਾਥੀਆਂ ਦੇ ਚਿਹਰੇ ਵੀ ਉੱਤਰੇ ਹੋਏ ਹਨ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਟਾਵਰ ਕੋਲ ਜਾ ਕੇ ਸੁਰਿੰਦਰਪਾਲ ਨਾਲ ਫੋਨ ’ਤੇ ਗੱਲ ਕੀਤੀ ਅਤੇ ਚੰਗੀ ਨੌਕਰੀ ਦਾ ਭਰੋਸਾ ਵੀ ਦਿੱਤਾ ਪਰ ਸੁਰਿੰਦਰਪਾਲ ਨੇ ਟਾਵਰ ਤੋਂ ਹੇਠਾਂ ਉਤਰਨ ਤੋਂ ਨਾਂਹ ਕਰ ਦਿੱਤੀ। ਸੁਰਿੰਦਰਪਾਲ ਦੀ ਜਥੇਬੰਦੀ ਦੇ 14136 ਈ.ਟੀ.ਟੀ. (ਟੈਟ ਪਾਸ) ਬੇਰੁਜ਼ਗਾਰ ਅਧਿਆਪਕ 4 ਜਨਵਰੀ 2021 ਤੋਂ ਡੀ.ਸੀ. ਦਫ਼ਤਰ ਸੰਗਰੂਰ ਵਿਖੇ ਧਰਨੇ ਉੱਪਰ ਬੈਠੇ ਹਨ। ਇਸ ਧਰਨੇ ਪ੍ਰਤੀ ਸਰਕਾਰ ਦੀ ਬੇਰੁਖੀ ਤੋਂ ਤੰਗ ਸੁਰਿੰਦਰਪਾਲ ਸਿੰਘ ਨੇ ਪਟਿਆਲੇ ਜਾ ਕੇ ਟਾਵਰ ’ਤੇ ਚੜ੍ਹ ਕੇ ਧਰਨਾ ਲਗਾ ਦਿੱਤਾ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਜਜਬਾਤੀ ਲਹਿਜ਼ੇ ’ਚ ਕਿਹਾ ਕਿ ਅਸੀ ਸੁਰਿੰਦਰਪਾਲ ਨੂੰ ਟਾਵਰ ਤੋਂ ਹੇਠਾ ਉਤਾਰਨ ਲਈ ਮਨਾ ਰਹੇ ਹਾਂ ਪਰ ਉਹ ਰੁਜ਼ਗਾਰ ਪਾਪਤੀ ਲਈ ‘ਕਰੋ ਜਾਂ ਮਰੋ’ ਦਾ ਰਾਹ ਅਖ਼ਤਿਆਰ ਕਰੀ ਬੈਠਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਸੂਬਾ ਕਮੇਟੀ ਮੈਂਬਰ ਜੱਗਾ ਬੋਹਾ ਟਾਵਰ ’ਤੇ ਜਾ ਕੇ ਸੁਰਿੰਦਰਪਾਲ ਦੀ ਦੇਖਭਾਲ ਕਰ ਰਿਹਾ ਹੈ। ਦੀਪ ਬਨਾਰਸੀ ਨੇ ਦੱਸਿਆ ਕਿ 2364 ਪੋਸਟਾਂ ਵੀ ਉਨ੍ਹਾਂ ਦੀ ਜਥੇਬੰਦੀ ਨੇ ਲੰਮੇ ਸੰਘਰਸ਼ ਤੋਂ ਬਾਅਦ ਕਢਵਾਈਆਂ ਸਨ ਪ੍ਰੰਤੂ ਇਨ੍ਹਾਂ ਪੋਸਟਾਂ ਲਈ ਵੀ ਵਿਭਾਗ ਨੇ ਬੀ.ਐਡ. ਵਾਲਿਆਂ ਨੂੰ ਈ.ਟੀ.ਟੀ ਦੇ ਬਰਾਬਰ ਮੰਨ ਲਿਆ ਅਤੇ ਕੱਚੇ ਅਧਿਆਪਕਾਂ ਨੂੰ ਟੈਟ ਤੋਂ ਛੋਟ ਤੇ 10 ਨੰਬਰਾਂ ਦੀ ਰਿਆਇਤ ਦੇ ਦਿੱਤੀ ਹੈ ਜਿਸ ਕਾਰਨ ਈ.ਟੀ.ਟੀ. (ਟੈਟ ਪਾਸ) ਦਾ ਰੁਜ਼ਗਾਰ ਫ਼ਿਰ ਖ਼ਤਰੇ ਵਿੱਚ ਹੈ , ਇਸੇ ਲਈ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।