ਬਰਨਾਲਾ, 27 ਜੂਨ (ਜੀ98 ਨਿਊਜ਼ )-ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਪੰਜਾਬੀ ਲੋਕਧਾਰਾ ਗਰੁੱਪ ਵਲੋਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 182 ਵੀਂ ਬਰਸੀ ਪੰਜਾਬ ਪੱਧਰੀ ਸਮਾਗਮ ਕਰਕੇ 29 ਜੂਨ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਵੱਡਾ ਗੁਰਦੁਆਰਾ ਸਾਹਿਬ ਪਿੰਡ ਚੀਮਾ ਜ਼ਿਲਾ ਬਰਨਾਲਾ ਵਿਖੇ ਮਨਾਈ ਜਾਵੇਗੀ। ਬਰਸੀ ਸਮਾਗਮਾਂ ਦੀਆਂ ਪ੍ਰਬੰਧਕੀ ਤਿਆਰੀਆਂ ’ਚ ਪੱਤਰਕਾਰ ਭਾਈਚਾਰਾ, ਬੁੱਧੀਜੀਵੀ, ਲੇਖਕ ਤੇ ਪੰਜਾਬੀ ਲੋਕਧਾਰਾ ਗਰੁੱਪ ਦੇ ਪ੍ਰਬੰਧਕਾਂ ਦੀ ਰੂੜੇਕੇ ਕਲਾਂ ਵਿਖੇ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਗੁਰਸੇਵਕ ਸਿੰਘ ਧੌਲਾ, ਅਵਤਾਰ ਸਿੰਘ ਚੀਮਾ, ਗੁਰਜੀਤ ਸਿੰਘ ਖੁੱਡੀ, ਲੇਖਕ ਮਹਿੰਦਰ ਸਿੰਘ ਰਾਹੀ, ਬੰਧਨਤੋੜ ਸਿੰਘ, ਬੇਅੰਤ ਸਿੰਘ ਬਾਜਵਾ, ਲੇਖਕ ਗੁਰਚਰਨ ਸਿੰਘ ਪੱਖੋ ਕਲਾਂ ਨੇ ਦੱਸਿਆ ਕਿ ਬਰਸੀ ਸਮਾਗਮਾਂ ਵਿਚ ਪੰਜਾਬ ਭਰ ’ਚੋਂ ਬੁੱਧੀਜੀਵੀ, ਸਮਾਜ ਚਿੰਤਕ ਸਖ਼ਸੀਅਤਾਂ ਤੋਂ ਇਲਾਵਾ ਡਾ: ਸੁਖਦਿਆਲ ਸਿੰਘ ਸਾਬਕਾ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੱਖ ਚਿੰਤਕ ਡਾ: ਤੇਜਾ ਸਿੰਘ ਤਿਲਕ ਮੁੱਖ ਬੁਲਾਰੇ ਹੋਣਗੇ। ਬਰਸੀ ਸਮਾਗਮਾਂ ਦੋਰਾਨ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ, ਸਖ਼ਸੀਅਤ ਤੇ ਰਾਜ ਪ੍ਰਬੰਧ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਧੌਲਾ, ਬੇਅੰਤ ਸਿੰਘ ਬਾਜਾਵਾ, ਅਵਤਾਰ ਸਿੰਘ ਚੀਮਾ ਆਦਿ ਬੁਲਾਰਿਆਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜ ਪ੍ਰਬੰਧ ਐਨਾ ਵਧੀਆ ਸੀ ਕਿ 40 ਸਾਲ ਦੇ ਰਾਜ ਦੋਰਾਨ ਇਕ ਵੀ ਵਿਆਕਤੀ ਨੂੰ ਫ਼ਾਸੀ ਦੀ ਸਜਾ ਨਹੀਂ ਦਿੱਤੀ ਗਈ। ਰਾਜ ਦਾ ਹਰੇਕ ਵਿਆਕਤੀ ਆਪਣੀ ਸਮੱਸਿਆ ਰਾਜੇ ਕੋਲ ਰੱਖਣ ਦੀ ਪਹੁੰਚ ਰੱਖਦਾ ਸੀ। ਸਭ ਨਾਲ ਇਨਸਾਫ਼ ਹੁੰਦਾ ਸੀ। ਇਸ ਮੌਕੇ ਕੁਲਦੀਪ ਸਿੰਘ ਰਾਜੂ, ਲਖਵੀਰ ਸਿੰਘ ਚੀਮਾ, ਮੁਖਤਿਆਰ ਸਿੰਘ ਪੱਖੋ ਕਲਾਂ, ਜਗਤਾਰ ਸਿੰਘ ਰਤਨ, ਕਰਨ ਬਾਵਾ ਹੰਡਿਆਇਆ ਤੋਂ ਇਲਾਵਾ ਲੇਖਕ, ਬੁੱਧੀਜੀਵੀ ਤੇ ਪੱਤਰਕਾਰ ਹਾਜ਼ਰ ਸਨ।