ਚੰਡੀਗੜ, 28 ਜੂਨ (ਜੀ98 ਨਿਊਜ਼) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਹਾਈਕੋਰਟ ਦੇ ਆਦੇਸ਼ਾਂ ਉੱਪਰ ਗਠਿਤ ਉੱਚ ਪੁਲਿਸ ਅਧਿਕਾਰੀ ਐਲ.ਕੇ ਯਾਦਵ , ਰਾਕੇਸ਼ ਅਗਰਵਾਲ ਅਤੇ ਸੁਰਜੀਤ ਸਿੰਘ ’ਤੇ ਅਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਪੜਤਾਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸਿੱਟ ਨੇ 26 ਜੂਨ ਸ਼ਨੀਵਾਰ ਨੂੰ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਪੁਲਿਸ ਅਧਿਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਚਲਾਉਣ ਦੇ ਹੁਕਮਾਂ ਸਬੰਧੀ ਸਿੱਧੇ ਅਤੇ ਤਿੱਖੇ ਸਵਾਲ ਕੀਤੇ ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਹਰ ਸਵਾਲ ਦੇ ਜਵਾਬ ਨੂੰ ਗੋਲੀ ਚੱਲਣ ਸਮੇਂ ਮੌਕੇ ’ਤੇ ਹਾਜ਼ਰ ਡਿਊਟੀ ਮੈਜਿਸਟਰੇਟ ਨਾਲ ਜੋੜਿਆ । ਜਿਸ ਰਫ਼ਤਾਰ ਨਾਲ ਜਾਂਚ ਟੀਮ ਅੱਗੇ ਵਧ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਕੁਝ ਕੁ ਦਿਨਾਂ ਤੱਕ ਸਾਹਮਣੇ ਆਉਣ ਵਾਲੀ ਰਿਪੋਰਟ ਪੰਜਾਬ ਦੇ ਰਾਜਨੀਤਿਕ ਮਾਹੌਲ ਵਿੱਚ ਗਰਮਾਹਟ ਪੈਂਦਾ ਕਰੇਗੀ। ਨਵੀਂ ਗਠਿਤ ਕੀਤੀ ਸਿੱਟ ਦੀ ਜਾਂਚ ਰਫ਼ਤਾਰ ਸਬੰਧੀ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਵੀ ਇਹੋ ਸੰਕੇਤ ਦੇ ਰਹੀ ਹੈ ਕਿ ਆਉਣ ਵਾਲੇ ਦਿਨ ਬਾਦਲ ਪਰਿਵਾਰ ਲਈ ਰਾਜਨੀਤਿਕ ਉਥਲ-ਪੁਥਲ ਵਾਲੇ ਹੋ ਸਕਦੇ ਹਨ। ਬੇਅਦਬੀ ਘਟਨਾਵਾਂ ਅਤੇ ਗੋਲੀ ਕਾਂਡ ਸਬੰਧੀ ਆਪਣੀ ਹੀ ਸਰਕਾਰ ਨੂੰ ਘੇਰਨ ਵਾਲੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ‘ਨਵੀਂ ਐਸਆਈਟੀ ਪੰਜਾਬ ਦੀ ਆਤਮਾ ਨੂੰ ਨਿਆਂ ਦਿਵਾਉਣ ਦੇ ਨੇੜੇ ਹੈ’। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਦੁਹਾਈ ਦਿੱਤੀ ਜਾ ਰਹੀ ਹੈ ਕਿ ‘ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੈ’ । ਅਕਾਲੀ ਦਲ ਨੇ ਤਾਂ ਗਾਂਧੀ ਪਰਿਵਾਰ ਨੂੰ ਵੀ ਜਾਂਚ ਪ੍ਰਕਿਰਿਆ ਦੇ ਨਾਲ ਜੋੜਣ ਦੇ ਦੋਸ਼ ਲਾ ਦਿੱਤੇ ਹਨ। ਜਿਸ ਤਰੀਕੇ ਨਾਲ ਨਵੀਂ ਸਿੱਟ ਦੀ ਜਾਂਚ ਸਬੰਧੀ ਨਵਜੋਤ ਸਿੰਘ ਸਿੱਧੂ ਦੇ ਚਿਹਰੇ ’ਤੇ ਆਸ ਦੀ ਲਕੀਰ ਬਣੀ ਹੋਈ ਹੈ ਅਤੇ ਦੂਜੇ ਪਾਸੇ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਪਹਿਲਾਂ ਹੀ ਦੁਹਾਈਆਂ ਦੇ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਕਾਂਡ ਦੀ ਜਾਂਚ ਰਿਪੋਰਟ ਦੇ ਮੱਦੇਨਜ਼ਰ ਭਵਿੱਖ ’ਚ ਪੈਦਾ ਹੋਣ ਵਾਲੇ ਸਿਆਸੀ ਹਾਲਾਤਾਂ ਬਾਰੇ ਕਨਸੋਆਂ ਹਨ । ਬਹਰਹਾਲ! ਨਵੀਂ ਐਸਆਈਟੀ ਰਿਪੋਰਟ ਭਾਂਵੇ ਅਜੇ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਜਾਂਚ ਦੇ ਤੌਰ- ਤਰੀਕਿਆਂ ਦੇ ਮੱਦੇਨਜ਼ਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਇਨਸਾਫ ਦਾ ਸਾਢੇ ਛੇ ਸਾਲਾਂ ਤੋਂ ਲਟਕ ਰਿਹਾ ਊਠ ਦਾ ਬੁੱਲ ਡਿੱਗਣ ਵਾਲਾ ਹੀ ਹੈ। ਇਹ ਦੇਖਣਯੋਗ ਹੋਵੇਗਾ ਕਿ ਡਿੱਗ ਰਹੇ ਊਠ ਦੇ ਬੁੱਲ ਨੂੰ ‘ਹੱਥ’ ਦਬੋਚ ਲਵੇਗਾ ਜਾਂ ਬੁੱਲ ‘ਤੱਕੜੀ’ ਵਿੱਚ ਡਿੱਗੇਗਾ ਜਾਂ ਬੁੱਲ ਨੂੰ ‘ਝਾੜੂ’ ਹੂੰਝ ਕੇ ਲੈ ਜਾਵੇਗਾ। ਉਂਝ ਤਾਂ ਭਾਂਵੇ ਮੁੱਦੇ ਹੋਰ ਵੀ ਵਧੇਰੇ ਹੋਣਗੇ ਪਰ ਕੋਟਕਪੂਰਾ ਗੋਲੀ ਕਾਂਡ ਸਬੰਧੀ ਗਠਿਤ ਸਿੱਟ ਦੀ ਜਾਂਚ ਰਿਪੋਰਟ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁੱਦਾ ਹੋਵੇਗੀ।