ਚੰਡੀਗੜ, 28 ਜੂਨ (ਜੀ98 ਨਿਊਜ਼) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 29 ਜੂਨ ਪੰਜਾਬ ਆ ਰਹੇ ਹਨ। ਸ੍ਰੀ ਕੇਜਰੀਵਾਲ ਦੀ ਇਸ ਪੰਜਾਬ ਆਮਦ ਸੰਬਧੀ ਸ਼ੋਸਲ ਮੀਡੀਆ ’ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪੋਸਟਾਂ ਦਾ ਹੜ ਲਿਆ ਦਿੱਤਾ ਹੈ, ਜਿਨਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ’ਚ ਮਹਿੰਗੀ ਬਿਜਲੀ ਅਤੇ ਮਹਿਲਾਵਾਂ ਸਬੰਧੀ ਵਿਸ਼ੇਸ਼ ਐਲਾਨ ਕਰਨ ਆ ਰਹੇ ਹਨ। ਆਮ ਆਦਮੀ ਪਾਰਟੀ ਸੂਬੇ ’ਚ ਵੱਧ ਬਿਜਲੀ ਦਰਾਂ ਹੋਣ ਦਾ ਮੁੱਖ ਕਾਰਨ ਉਨਾਂ ਸਮਝੌਤਿਆਂ ਨੂੰ ਮੰਨ ਰਹੀ ਹੈ ਜਿਹੜੇ ਅਕਾਲੀ ਭਾਜਪਾ ਸਰਕਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਨ। ਇਨਾਂ ਸਮਝੌਤਿਆਂ ਨੂੰ ਲੋਕ ਵਿਰੋਧੀ ਕਹਿੰਦੇ ਹੋਏ 2017 ਦੀਆਂ ਚੋਣਾਂ ਸਮੇਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ’ਤੇ ਇਹ ਸਮਝੌਤੇ ਰੱਦ ਕੀਤੇ ਜਾਣਗੇ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਇਨਾਂ ਸਮਝੌਤਿਆਂ ਨੂੰ ਰੱਦ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਇਹੀ ਮੁੱਦਾ ਆਮ ਆਦਮੀ ਪਾਰਟੀ ਨੇ ਕੈਸ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਬਿਜਲੀ ਸਬੰਧੀ ਸ੍ਰੀ ਕੇਜਰੀਵਾਲ ਦਾ ਐਲਾਨ ਤਾਂ ਕੱਲ ਸਾਹਮਣੇ ਆਵੇਗਾ ਪ੍ਰੰਤੂ ਉਸ ਤੋਂ ਪਹਿਲਾਂ ਇੱਕ ਸਵਾਲ ਲੋਕਾਂ ਦੇ ਜ਼ਹਿਨ ਅੰਦਰ ਹੈ ਕਿ ਕੀ ਆਮ ਆਦਮੀ ਪਾਰਟੀ ਵੀ ਇਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਵਾਅਦਾ ਲੋਕਾਂ ਨਾਲ ਕਰੇਗੀ, ਕਿਉਂਕਿ ਇਹ ਬਿਜਲੀ ਸਮਝੌਤੇ ਰੱਦ ਕੀਤੇ ਬਿਨਾਂ ਸਸਤੀ ਬਿਜਲੀ ਨਹੀਂ ਦਿੱਤੀ ਜਾ ਸਕਦੀ । ਮਹਿਲਾਵਾਂ ਸਬੰਧੀ ਵਿਸ਼ੇਸ਼ ਐਲਾਨ ਬਾਰੇ ਲੋਕਾਂ ’ਚ ਖ਼ਾਸ ਕਰਕੇ ਔਰਤ ਵਰਗ ’ਚ ਉਤਸੁਕਤਾ ਜ਼ਰੂਰ ਬਣੀ ਹੋਈ ਹੈ। ਖ਼ੈਰ, ਉਂਝ ਤਾਂ ਭਾਂਵੇ ਗਰਮੀ ਦੀ ਰੁੱਤ ਜੋਬਨ’ਤੇ ਹੈ ਪਰ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਵਾਅਦਿਆਂ ਦੀ ਰੁੱਤ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਵਾਅਦਿਆਂ ਦੀਆਂ ਪਟਾਰੀਆਂ ਖੁੱਲਣਗੀਆਂ ਜਿਨਾਂ ਵਿੱਚੋਂ ਆਸਾਂ ਤੇ ਉਮੀਦਾਂ ਦੇ ਸੱਪ ਨਿਕਲਣਗੇ।