ਚੰਡੀਗੜ, 29 ਜੂਨ (ਜੀ98 ਨਿਊਜ਼) : ਜੰਮੂ ਦੇ ਏਅਰਬੇਸ ’ਤੇ ਡਰੋਨ ਦੀ ਵਰਤੋਂ ਕਰਕੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਵਧੇਰੇ ਚੌਕਸ ਹੋ ਗਈ ਹੈ। । ਪੰਜਾਬ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਵੱਲੋਂ ਜੰਮੂ ਡਰੋਨ ਹਮਲੇ ਤੋਂ ਬਾਅਦ ਸਰਹੱਦੀ ਜ਼ਿਲਿਆਂ ਦੇ ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ । ਅੱਤਵਾਦੀਆਂ ਵੱਲੋਂ ਹਮਲੇ ਲਈ ਡਰੋਨ ਦੀ ਵਰਤੋ ਨੇ ਸੁਰੱਖਿਆ ਦੇ ਪੱਖ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ। ਜਿਕਰਯੋਗ ਹੈ ਕਿ ਸਤੰਬਰ 2019 ਵਿੱਚ ਅੰਮਿ੍ਤਸਰ ਵਿੱਚ ਪਹਿਲੀ ਵਾਰ ਹਥਿਆਰਾਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ । ਉਸ ਤੋਂ ਬਾਅਦ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਦੇਸ਼ ਵਿਰੋਧੀ ਅਨਸਰਾਂ ਵੱਲੋਂ ਡਰੋਨਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ। ਜੰਮੂ ਡਰੋਨ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਮੁਖੀ ਨੇ ਬਟਾਲਾ, ਗੁਰਦਾਸਪੁਰ ਪਠਾਨਕੋਟ ਦੇ ਐਸਐਸਪੀਜ਼ ਨੂੰ ਬੀ.ਐਸ.ਐਫ ਨਾਲ ਮਿਲ ਕੇ ਸੁਰੱਖਿਆ ਗਤੀਵਿਧੀਆਂ ਕਰਨ ਬਾਰੇ ਕਿਹਾ ਹੈ। ਅਗਲੇ ਵਰੇ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਤਵਾਦੀ ਗਤੀਵਿਧੀਆਂ ’ਚ ਵਾਧੇ ਦੀ ਸ਼ੰਕਾ ਕਾਰਨ ਸੁਰੱਖਿਆ ਇੰਤਜ਼ਾਮ ਹੋਰ ਮਜਬੂਤ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ।