ਬਰਨਾਲਾ 30 ਜੂਨ (ਮੰਗਲ ਸਿੰਘ) ਛੇਵੇਂ ਵਿੱਤ ਕਮਿਸ਼ਨ ਵੱਲੋਂ ਸਰਕਾਰੀ ਡਾਕਟਰਾਂ ਦੇ ਭੱਤੇ ਘਟਾਉਣ ਦੇ ਰੋਸ ਵਜੋਂ ਹੜਤਾਲ ਕਰ ਰਹੇ ਡਾਕਟਰਾਂ ਨੇ ਅੱਜ ਸਿਵਲ ਹਸਪਤਾਲ ਬਰਨਾਲਾ ਵਿਖੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਪਣੇ ਵਿਛੜੇ ਸਾਥੀਆਂ ਦੀ ਯਾਦ ‘ਚ ਪੌਦੇ ਲਗਾਏ। ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਕਮਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਕਾਲੇ ਬਿੱਲੇ ਲਗਾ ਕੇ ਕਰੋਨਾ ਦੀ ਦੂਜੀ ਲਹਿਰ ਦੌਰਾਨ ਵਿਛੜੇ ਸਾਥੀਆਂ ਦੀ ਯਾਦ ਵਿੱਚ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ 786 ਡਾ ਕੋਰੋਨਾ ਦੀ ਬਿਮਾਰੀ ਦੀ ਲਪੇਟ ਵਿਚ ਆਏ। ਉਨ੍ਹਾਂ ਕਿਹਾ ਕਿ ਸਰਕਾਰ ਮਾੜੀਆਂ ਨੀਤੀਆਂ ਤਹਿਤ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਨੌਕਰੀ ਛੱਡਣ ਲਈ ਮਜਬੂਰ ਕਰ ਰਹੀ ਹੈ ਜਿਸ ਦੇ ਤਹਿਤ ਬਹੁਤੇ ਡਾਕਟਰ ਨੌਕਰੀ ਛੱਡ ਚੁੱਕੇ ਹਨ ਜੋ ਬਾਕੀ ਬਚਦੇ ਹਨ ਉਹ ਵੀ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਰਕਾਰੀ ਨੌਕਰੀਆਂ ਤੋਂ ਆਪਣੇ ਤਿਆਗ ਪੱਤਰ ਦੇ ਦੇਣਗੇ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਤਨਖਾਹ ਕਮਿਸ਼ਨ ਵੱਲੋਂ ਐੱਨਪੀਏ ਨੂੰ 25 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਖ਼ਿਲਾਫ਼ ਚੱਲ ਰਹੀ ਹੜਤਾਲ ਸੂਬਾਈ ਕਮੇਟੀ ਦੇ ਫ਼ੈਸਲੇ ਤਕ ਜਾਰੀ ਰਹੇਗੀ, ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਆਉਣ ਵਾਲੇ ਦਿਨਾਂ ‘ਚ ਹੋਰ ਵੀ ਤੇਜ਼ ਕੀਤਾ ਜਾ ਸਕਦਾ ਹੈ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸਿਹਤ ਤੇ ਪਸ਼ੂ ਪਾਲਕ, ਮੈਡੀਕੋਜ਼, ਵੈਟਰਨਰੀ ਅਫ਼ਸਰਜ, ਆਯੁਰਵੈਦਿਕ, ਡੈਂਟਲ ਤੇ ਹੋਮੋਪੈਥਿਕ ਡਾਕਟਰਾਂ ਦਾ ਸਾਂਝਾ ਸੰਘਰਸ਼ ਹੈ ਇਸ ਲਈ ਸਰਕਾਰ ਮੌਕੇ ਦੀ ਨਜ਼ਾਕਤ ਨੂੰ ਸਮਝੇ ਅਤੇ ਡਾਕਟਰਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰੇ।