ਬਰਨਾਲਾ, 01 ਜੁਲਾਈ (ਮੰਗਲ ਸਿੰਘ) : ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਦੇ ਸੁਬਾਈ ਸੱਦੇ ’ਤੇ ਕਚਿਹਰੀ ਚੌਕ ਬਰਨਾਲਾ ਵਿਖੇ ਵੱਖ ਵੱਖ ਵਿੰਗਾਂ ਦੇ ਇੰਜੀਨੀਅਰਾਂ ਨੇ ਇਕੱਠੇ ਹੋ ਕੇ ਛੇਵੇਂ ਪੇ ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਵਾ ਕੀਤਾ। ਇਸ ਰੋਸ ਐਕਸ਼ਨ ਦੀ ਅਗਵਾਈ ਕਰਮਜੀਤ ਸਿੰਘ ਬੀਹਲਾ ,ਚੰਚਲ ਸਿੰਘ, ਸੰਦੀਪਪਾਲ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦੇ ਆਗੂਆਂ ਨੇ ਕਿਹਾ ਕਿ ਦਸੰਬਰ 2011 ਨੂੰ ਮਨਾਪਲੀ ਦੂਰ ਕਰਕੇ ਜੋ ਸਕੇਲ ਇੰਜੀਨੀਅਰ ਕੇਡਰ ਨੂੰ ਦਿੱਤੇ ਗਏ ਸਨ ਅਤੇ 30 ਲੀਟਰ ਪੈਟਰੌਲ ਦੀ ਸਹੂਲਤ ਇੰਜੀਨੀਅਰ ਕੇਡਰ ਨੂੰ ਦਿੱਤੀ ਗਈ ਸੀ ਉਹ ਛੇਵੇਂ ਪੇ ਕਮਿਸ਼ਨ ਨੇ ਖੋਹਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਇਲਾਵਾ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਪਰਮੋਸ਼ਨ ਕੋਟਾ ਚੰਡੀਗੜ ਪੈਟਰਨ ’ਤੇ ਕਰਨ ਲਈ ਇੰਜੀਨੀਅਰ ਵਰਗ ਸੰਘਰਸ਼ ਦੇ ਰਾਹ ’ਤੇ ਹੈ। ਜ਼ਿਲਾ ਆਗੂ ਗਬਿੰਦਰ ਕੁਮਾਰ , ਚਰਨਦੀਪ ਸਿੰਘ ਚਹਿਲ ਅਤੇ ਖੁਸਵੰਤ ਸਿੰਘ ਨੇ ਕਿਹਾ ਕਿ 22 ਜੂਨ ਨੂੰ ਸਮੂਹ ਜ਼ਿਲਾ ਹੈੱਡਕੁਆਰਟਰਾਂ ਤੋਂ ਸਰਕਾਰ ਨੂੰ ਮੰਗ ਪੱਤਰ ’ਤੇ ਮੈਮੋਰੰਡਮ ਭੇਜ ਕੇ ਮੀਟਿੰਗਾਂ ਦਾ ਸਮਾਂ ਫਿਕਸ ਕਰਨ ਦੀ ਮੰਗ ਕੀਤੀ ਗਈ ਸੀ ਪਰ ਹਾਲੇ ਤੱਕ ਕੋਈ ਵੀ ਸੱਦਾ ਪ੍ਰਾਪਤ ਨਹੀਂ ਹੋਇਆ। ਇਸ ਮੌਕੇ ਰਣਜੀਤ ਸਿੰਘ ਧਨੌਲਾ , ਸੰਜੀਵ ਕੁਮਾਰ ,ਵਰੁਨ ਕੁਮਾਰ,ਜਗਜੀਤ ਸਿੰਘ , ਜਗਦੇਵ ਸਿੰਘ ਖੁੱਡੀ, ਬਲਦੇਵ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।