-ਆਊਟਸੋਰਸ ਕਾਮਿਆਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਹੋਏ ਹੁਕਮ ਜਾਰੀ
ਬਰਨਾਲਾ 1 ਜਨਵਰੀ (ਨਿਰਮਲ ਸਿੰਘ ਪੰਡੋਰੀ)-ਨਵੇਂ ਸਾਲ ਦੀ ਪਹਿਲੀ ਸਵੇਰ ਬਰਨਾਲਾ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪਿਛਲੇ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਕੱਚੇ ਕਾਮਿਆਂ (ਆਊਟਸੋਰਸ) ਨੇ ਬਰਨਾਲਾ ਤੋਂ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਖਾਲੀ ਭਾਂਡੇ ਖੜਕਾ ਕੇ ਆਪਣੇ ਰੁਜ਼ਗਾਰ ਦੀ ਭੀਖ ਮੰਗੀ । ਇਸ ਸਬੰਧੀ ਗੱਲਬਾਤ ਕਰਦੇ ਹੋਏ ਸੂਬਾ ਆਗੂ ਰਮਨਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ, ਉਨ੍ਹਾਂ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਘਰਾਂ ਅੱਗੇ ਨੌਕਰੀ ਤੋਂ ਜ਼ਬਰਦਸਤੀ ਫਾਰਗ ਕੀਤੇ ਜਾ ਰਹੇ ਕੱਚੇ ਕਾਮਿਆਂ ਨੇ ਆਪਣੇ ਰੁਜ਼ਗਾਰ ਦੀ ਖਾਲੀ ਭਾਂਡੇ ਖੜਕਾ ਕੇ ਭੀਖ ਮੰਗੀ । ਜ਼ਿਕਰਯੋਗ ਹੈ ਕਿ ਇਹ ਕਰਮਚਾਰੀ ਪਿਛਲੇ 12-13 ਸਾਲਾਂ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨੌਕਰੀ ਕਰ ਰਹੇ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਨੌਕਰੀ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਇਹ ਕਰਮਚਾਰੀ ਕਈ ਦਿਨਾਂ ਤੋਂ ਆਪਣਾ ਰੁਜ਼ਗਾਰ ਬਚਾਉਣ ਖਾਤਰ ਸੰਘਰਸ਼ ਕਰ ਰਹੇ ਹਨ । ਸਰਕਾਰ ਨੇ ਇਹਨਾਂ ਦੀ ਜਗ੍ਹਾ ‘ਤੇ ਹੋਰ ਕਲਰਕਾਂ ਦੀ ਚੋਣ ਵੀ ਕਰ ਲਈ ਹੈ ਪ੍ਰੰਤੂ ਇਹ ਕੱਚੇ ਕਰਮਚਾਰੀ ਰੁਜ਼ਗਾਰ ਛੱਡਣ ਦੀ ਬਜਾਏ ਆਰ-ਪਾਰ ਦਾ ਸੰਘਰਸ਼ ਲੜਨ ਦੇ ਮੂਡ ਵਿੱਚ ਹਨ । ਮੁਲਾਜ਼ਮਾਂ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਵੀ ਇਨ੍ਹਾਂ ਕਰਮਚਾਰੀਆਂ ਦੀ ਹਮਾਇਤ ਕਰ ਰਹੀਆਂ ਹਨ ਜਿਸ ਕਰਕੇ ਨੌਕਰੀ ਤੋਂ ਜ਼ਬਰਦਸਤੀ ਫਾਰਗ ਕੀਤੇ ਜਾ ਰਹੇ ਇਨ੍ਹਾਂ ਆਊਟਸੋਰਸ ਕਾਮਿਆਂ ਦਾ ਮਾਮਲਾ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ ।
