ਬਰਨਾਲਾ, 02 ਜੁਲਾਈ (ਮੰਗਲ ਸਿੰਘ ) ਸਿਹਤ ਵਿਭਾਗ ਬਰਨਾਲਾ ਵੱਲੋਂ ਜਲਦ ਹੀ ਏਡਜ਼ ਦੇ ਮਰੀਜਾਂ ਦਾ ਇਲਾਜ਼ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਵੀਰ ਸਿੰਘ ਔਲ਼ਖ, ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਏਡਜ ਦੇ ਪੀੜਤ ਮਰੀਜਾਂ ਨੂੰ ਇਲਾਜ ਲਈ ਪਹਿਲਾਂ ਬਠਿੰਡਾ,ਪਟਿਆਲਾ ਤੇ ਲੁਧਿਆਣਾ ਜਾਣਾ ਪੈਂਦਾ ਸੀ ,ਪਰ ਹੁਣ ਅਜਿਹਾ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਮਰੀਜਾਂ ਦੇ ਇਲਾਜ ਲਈ ਪੰਜਾਬ ਭਰ ਵਿੱਚੋਂ 18ਵਾਂ ਏ.ਆਰ.ਟੀ.ਸੈਂਟਰ ਜਲਦ ਹੀ ਖੋਲ੍ਹਿਆ ਜਾ ਰਿਹਾ ਹੈ ਤੇ ਇਸ ਸਬੰਧੀ ਉਨ੍ਹਾਂ ਦੇ ਸੱਦੇ ‘ਤੇ ਸਟੇਟ ਪੱਧਰ ਤੋਂ ਇਕ ਵਿਸ਼ੇਸ਼ ਟੀਮ ( ਪੰਜਾਬ ਏਡਜ ਕੰਟਰੋਲ ਸੋਸਾਇਟੀ) ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਆਪਣਾ ਏ.ਆਰ.ਟੀ.ਸੈਂਟਰ ਖੋਲ੍ਹਣ ਸਬੰਧੀ ਦੌਰਾ ਵੀ ਕੀਤਾ ਗਿਆ ਹੈ। ਡਾ. ਔਲ਼ਖ ਨੇ ਦੱਸਿਆ ਕਿ ਸਟੇਟ ਤੋਂ ਪਹੁੰਚੀ ਟੀਮ ਜਿਸ ਵਿੱਚ ਡਾ. ਬੌਬੀ ਗੁਲਾਟੀ ਐਡੀਸ਼ਨਲ ਪ੍ਰੋਜੈਕਟ ਡਾਇਰੈਕਟ, ਡਾ. ਵਿਨੈ ਮੋਹਨ ਜੁਆਇੰਟ ਡਾਇਰੈਕਟਰ ਅਤੇ ਨਤਾਸ਼ਾ ਸ਼ਰਮਾ ਡਿਪਟੀ ਡਾਇਰੈਕਟਰ ਹਾਜ਼ਰ ਸਨ ਵੱਲੋਂ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕਰਨ ਦੇ ਨਾਲ ਸ਼ਹਿਰ ਬਰਨਾਲਾ ਦੀ ਪੰਜਾਬ ਸਟੇਟ ਏਡਜ ਕੰਟਰੋਲ ਨਾਲ ਸਬੰਧਿਤ ਇਕ ਸਥਾਨਕ ਸਮਾਜ ਸੇਵੀ ਸੰਸਥਾ ਦਾ ਵੀ ਦੌਰਾ ਕੀਤਾ ਗਿਆ। ਸਿਵਲ ਸਰਜਨ ਨੇ ਕਿਹਾ ਕਿ ਏਡਜ ਦੇ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੀਣ ਭਾਵਨਾ ਤੋਂ ਦੂਰ ਇਕ ਨਿਰੋਏ ਇਲਾਜ ਵੱਲ ਲੈ ਕੇ ਜਾਣਾ ਚਾਹੀਦਾ ਹੈ। ਸਟੇਟ ਟੀਮ ਵੱਲੋਂ ਦੌਰੇ ਦੌਰਾਨ ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਅਤੇ ਆਈ.ਸੀ.ਟੀ.ਸੀ ਵਿੰਗ ਦੇ ਮਨਜਿੰਦਰ ਸਿੰਘ, ਤਜਿੰਦਰ ਕੁਮਾਰ ਤੇ ਹਰਮਨਜੀਤ ਕੌਰ ਆਈ.ਸੀ.ਟੀ. ਕੌਂਸਲਰ ਆਦਿ ਨਾਲ ਹਾਜ਼ਰ ਸਨ।