ਬਰਨਾਲਾ, 03 ਜੁਲਾਈ (ਨਿਰਮਲ ਸਿੰਘ ਪੰਡੋਰੀ) : ਕੋਰੋਨਾ ਵਾਇਰਸ ਨੂੰ ਜੜ ਤੋਂ ਖ਼ਤਮ ਕਰਨ ਲਈ ਜਿੱਥੇ ਸਰਕਾਰਾਂ ਕੰਮ ਕਰ ਰਹੀਆਂ ਹਨ ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਪੱਧਰ ’ਤੇ ਜੁਟੀਆਂ ਹੋਈਆਂ ਹਨ। ਕੋਰੋਨਾ ਵੈਕਸੀਨ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਸਰਕਾਰਾਂ ਤੋਂ ਘਟਾ ਕੇ ਨਹੀਂ ਦੇਖੀ ਜਾ ਸਕਦੀ । ਕੁਝ ਸਮਾਜ ਸੇਵੀ ਸੰਸਥਾਵਾਂ ਤਾਂ ਆਪਣੇ ਪੱਧਰ ’ਤੇ ਵੈਕਸੀਨ ਖ਼ਰੀਦ ਕੇ ਅੱਗੇ ਲੋਕਾਂ ਨੂੰ ਮੁਫ਼ਤ ਲਗਾ ਰਹੀਆਂ ਹਨ। ਬਰਨਾਲਾ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਗਤ ਮੋਹਨ ਲਾਲ ਸੇਵਾ ਸੰਮਤੀ ਵੀ ਕੋਰੋਨਾ ਵੈਕਸੀਨ ਸੰਬੰਧੀ ਲੋਕਾਂ ਨੂੰ ਜਾਗਰੁੂਕ ਕਰਨ ਅਤੇ ਵੈਕਸੀਨ ਦੇ ਮੁਫ਼ਤ ਕੈਂਪ ਲਗਾ ਕੇ ਸ਼ਲਾਘਾਯੋਗ ਭੂਮਿਕਾ ਨਿਭਾ ਰਹੀ ਹੈ। ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ , ਜਨਰਲ ਸਕੱਤਰ ਕਮਲ ਜਿੰਦਲ,ਮੀਤ ਪ੍ਰਧਾਨ ਠੇਕੇਦਾਰ ਬੀਰਬਲ ਦਾਸ, ਸੈਕਟਰੀ ਅਤੇ ਪ੍ਰੋਜੈਕਟ ਚੇਅਰਮੈਨ ਲਾਜਪਤ ਰਾਏ , ਨਰਿੰਦਰ ਚੋਪੜਾ, ਵਿਪਨ ਧਰਨੀ , ਵੇਦ ਪ੍ਰਕਾਸ਼, ਯਸ਼ਪਾਲ ਸਮੇਤ ਸਮੁੱਚੀ ਟੀਮ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਅਤੇ ਵੈਕਸੀਨ ਲਗਵਾਉਣ ਸੰਬੰਧੀ ਸਿਰਫ਼ ਹੌਂਸਲਾ ਹੀ ਨਹੀਂ ਦੇ ਰਹੇ ਸਗੋਂ ਮੁਫ਼ਤ ਵੈਕਸੀਨ ਦੇ ਕੈਂਪ ਵੀ ਲਗਾ ਰਹੇ ਹਨ ਤਾਂ ਜੋ ਕੋਰੋਨਾ ਮਹਾਂਮਾਰੀ ’ਤੇ ਕਾਬੂ ਪਾਇਆ ਜਾ ਸਕੇ। ਸ਼ਨੀਵਾਰ 3 ਜੁਲਾਈ ਨੂੰ ਵੀ ਉਕਤ ਸੰਸਥਾ ਦੀ ਰਾਮ ਬਾਗ ਕਮੇਟੀ ਵੱਲੋਂ ਸ਼ਾਂਤੀ ਹਾਲ ਵਿੱਚ ਮੁਫ਼ਤ ਵੈਕਸੀਨ ਕੈਂਪ ਲਗਾਇਆ ਗਿਆ । ਜਿਸ ਵਿੱਚ ਸ਼ਹਿਰ ਦੇ ਬਾਕੀ ਕੈਂਪਾਂ ਨਾਲੋ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਨੇ 18 ਸਾਲ ਤੋਂ ਉੱਪਰ ਵਿਅਕਤੀਆਂ ਨੂੰ ਵੈਕਸੀਨ ਲਗਾਈ। ਕੈਂਪ ਵਿੱਚ ਟੀਕਾ ਲਗਵਾਉਣ ਆਏ ਲੋਕਾਂ ਲਈ ਬੈਠਣ ਦਾ ਉਚਿਤ ਪ੍ਰਬੰਧ ਅਤੇ ਚਾਹ-ਪਾਣੀ ਦਾ ਵੀ ਵਿਸ਼ੇਸ਼ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ। ਜਨਰਲ ਸਕੱਤਰ ਕਮਲ ਜਿੰਦਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਜੜ ਤੋਂ ਖ਼ਤਮ ਕਰਨ ਤੱਕ ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਸਰਕਾਰ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।
