ਬਰਨਾਲਾ, 03 ਜੁਲਾਈ (ਜੀ98 ਨਿਊਜ਼) : ਬਰਨਾਲਾ ਪੁਲਿਸ ਨੇ 1 ਜੁਲਾਈ ਸਵੇਰੇ 5 ਵਜੇ ਗੁੰਮ ਹੋਏ ਨੌਜਵਾਨ ਨੂੰ 36 ਘੰਟਿਆਂ ਬਾਅਦ ਲੱਭ ਕੇ ਪੁੱਤਰ ਦੇ ਵਿਛੋੜੇ ’ਚ ਤੜਫ਼ ਰਹੇ ਮਾਪਿਆਂ ਨੂੰ ਰਾਹਤ ਦਿੱਤੀ । ਜ਼ਿਕਰਯੋਗ ਹੈ ਕਿ 16 ਏਕੜ ਦੇ ਵਾਸੀ ਮੋਹਿਤ ਬਾਂਸਲ (23) ਸਵੇਰੇ 5 ਵਜੇ 1 ਜੁਲਾਈ ਨੂੰ ਘਰੋ ਸਾਈਕਲ ’ਤੇ ਗਿਆ ਪਰ ਵਾਪਿਸ ਨਾ ਆਇਆ , ਕੁਝ ਸਮਾਂ ਤਲਾਸ਼ ਕਰਨ ਤੋਂ ਬਾਅਦ ਮਾਪਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ । ਇਹ ਮਾਮਲਾ ਐਸਐਸਪੀ ਸ੍ਰੀ ਸੰਦੀਪ ਗੋਇਲ ਦੇ ਧਿਆਨ ਵਿੱਚ ਆਇਆ ਤਾਂ ਉਨਾਂ ਤੁਰੰਤ ਡੀਐਸਪੀ ਵਿਸ਼ਵਜੀਤ ਸਿੰਘ ਮਾਨ, ਐਸਐਚਓ ਲਖਵਿੰਦਰ ਸਿੰਘ,ਪੀਸੀਆਰ ਇੰਚਾਰਜ ਗੁਰਮੇਲ ਸਿੰਘ ਸਮੇਤ ਪੰਜ ਮੈਂਬਰੀ ਟੀਮ ਗਠਿਤ ਕਰਕੇ ਮੋਹਿਤ ਨੂੰ ਲੱਭਣ ਲਈ ਸਖ਼ਤ ਹਦਾਇਤਾਂ ਦਿੱਤੀਆਂ । ਪੁਲਿਸ ਟੀਮ ਨੇ ਆਪਣੇ ਕਪਤਾਨ ਦੀਆਂ ਹਦਾਇਤਾਂ ’ਤੇ ਅਮਲ ਕਰਦੇ ਹੋਏ ਰਸਤੇ ਦੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ 36 ਘੰਟਿਆਂ ਬਅਦ ਮੋਹਿਤ ਬਾਂਸਲ ਨੂੰ ਹਰਿਆਣਾ ਵਿੱਚ ਸਿਰਸਾ ਦੇ ਨੇੜੇ ਪਿੰਡ ਫੱਗੂ ਤੋਂ ਲੱਭ ਲਿਆ। ਸ੍ਰੀ ਸੰਦੀਪ ਗੋਇਲ ਐਸਐਸਪੀ. ਨੇ ਮੋਹਿਤ ਬਾਂਸਲ ਨੂੰ ਖੁਦ ਮਾਪਿਆਂ ਦੇ ਹਵਾਲੇ ਕੀਤਾ। ਮੋਹਿਤ ਬਾਂਸਲ ਦੇ ਪਿਤਾ ਵਰਿੰਦਰ ਬਾਂਸਲ , ਮਾਤਾ ਚੰਦਲ ਬਾਲਾ ਅਤੇ ਭਰਾ ਲੁਕੇਸ਼ ਬਾਂਸਲ ਨੇ ਕਿਹਾ ਕਿ ਜ਼ਿਲਾ ਪੁਲਿਸ ਮੁਖੀ ਸਾਡੇ ਲਈ ਫਰਿਸ਼ਤਾ ਬਣ ਕੇ ਆਇਆ ਹੈ। ਇਸ ਮੌਕੇ ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਨੇ ਆਪਣਾ ਫ਼ਰਜ ਬਾਖੂਬੀ ਨਿਭਾਇਆ। ਸ੍ਰੀ ਗੋਇਲ ਨੇ ਇਸ ਮਾਮਲੇ ’ਚ ਗਠਿਤ ਕੀਤੀ ਟੀਮ ਦੀ ਕਾਰਗੁਜ਼ਾਰੀ ’ਤੇ ਵੀ ਮਾਣ ਕੀਤਾ।