ਚੰਡੀਗੜ, 03 ਜੁਲਾਈ (ਨਿਰਮਲ ਸਿੰਘ ਪੰਡੋਰੀ) : ਮੈਂ ਤਾਂ ਭਮੱਕੜ ਹਾਂ, ਹਮੇਸ਼ਾ ਵੱਡੇ-ਵੱਡੇ ਬੱਲਬ ਲੱਭਦਾ ਰਹਿੰਦਾ ਹਾਂ, ਕਈ ਵੱਡੇ ਵੱਡੇ ਬੱਲਬ ਫਿਊਜ਼ ਵੀ ਕੀਤੇ ਹਨ, ਖ਼ੁਦ ਵੀ ਵੱਡੇ ਬੱਲਬਾਂ ਦੇ ਵਿੱਚ ਵੱਜ ਕੇ ਸੜਿਆ ਹਾਂ । ਇਹ ਸ਼ਬਦ ਕਿਸੇ ਜੋਸ਼ੀਲੇ ਬੰਦੇ ਦੇ ਹੀ ਹੋ ਸਕਦੇ ਹਨ । ਜੀ ਹਾਂ , ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਹਨ। ਇੱਕ ਨਿੱਜੀ ਟੀਵੀ ਚੈਨਲ ’ਤੇ ਗੱਲਬਾਤ ਕਰਦੇ ਹੋਏ ਜਦੋਂ ਐਂਕਰ ਨੇ ਵੱਡੇ ਵੱਡੇ ਆਗੂਆਂ ਖ਼ਿਲਾਫ਼ ਚੋਣ ਲੜਣ ਸੰਬੰਧੀ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਭਗਵੰਤ ਮਾਨ ਦਾ ਉਕਤ ਜਵਾਬ ਸੀ। ਭਗਵੰਤ ਮਾਨ ਤੋਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਭਗਵੰਤ ਮਾਨ ਨੇ ਕਿਹਾ ‘‘ ਚਿਹਰੇ ਤਾਂ ਬਣ ਹੀ ਜਾਂਦੇ ਹਨ, ਲੋਕਾਂ ਵਿੱਚ ਹੀ ਕੋਈ ਚਿਹਰਾ ਹੁੰਦਾ ਹੈ’’। ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਸੰਬੰਧੀ ਮਾਨ ਨੇ ਗੋਲ-ਮੋਲ ਜਵਾਬ ਦਿੱਤਾ ਕਿ ਜੇਕਰ ਸਾਡੀ ਸਰਕਾਰ ਹੁੰਦੀ ਤਾਂ ਮੁਆਫੀ ਨਹੀਂ ਮੰਗਦੇ ਸੀ । ਹੋਰ ਵੀ ਬਹੁਤ ਸਾਰੇ ਅਜਿਹੇ ਸਵਾਲ ਭਗਵੰਤ ਮਾਨ ਨੂੰ ਕੀਤੇ ਗਏ ਜਿਨਾਂ ਦਾ ਜਵਾਬ ਭਗਵੰਤ ਮਾਨ ਨੇ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੀ ਹੈਸੀਅਤ ਅਨੁਸਾਰ ਹੀ ਦਿੱਤੇ। ਭਗਵੰਤ ਮਾਨ ਦੀ ਇਹ ਇੰਟਰਵਿਊ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੋਈ ‘ਸਿੱਖ’ ਚਿਹਰਾ ਹੋਣ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਭਗੰਵਤ ਮਾਨ ਨੂੰ ਪਹਿਲੀ ਵਾਰ ਕਿਸੇ ਮੀਡੀਆ ਪਲੇਟਫਾਰਮ ’ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਆਮ ਆਦਮੀ ਪਾਰਟੀ ਨਾਲ ਪੱਕ ਰਹੀ ਖਿਚੜੀ ਦੀ ਚਰਚਾ ’ਤੇ ਵਿਰਾਮ ਚਿੰਨ ਲਗਾਉਣ ਦੀ ਕੋਸ਼ਿਸ਼ ਵਜੋਂ ਭਗਵੰਤ ਮਾਨ ਨੇ ਕਿਹਾ ਕਿ ਅਜੇ ਸਾਡੀ ਕਿਸੇ ਕਿਸਾਨ ਆਗੂ ਨਾਲ ਕੋਈ ਗੱਲ ਨਹੀਂ ਚੱਲ ਰਹੀ।