ਚੰਡੀਗੜ, 03 ਜੁਲਾਈ (ਨਿਰਮਲ ਸਿੰਘ ਪੰਡੋਰੀ) : ਕਿਹਾ ਜਾਂਦਾ ਹੈ ਕਿ ਇਸ਼ਕ ਹੱਦਾਂ ਸਰਹੱਦਾਂ ਦੇ ਰੋਕਿਆ ਵੀ ਨਹੀਂ ਰੁਕਦਾ। ਜੇਕਰ ਦੋਵੇਂ ਪਾਸੇ ਖਿੱਚ ਇੱਕੋ ਜਿਹੀ ਹੋਵੇ ਤਾਂ ਉਲਟ ਹਵਾਵਾਂ, ਉਲਟ ਸਰਕਾਰਾਂ ਵੀ ਪਿਆਰ ਨੂੰ ਸਮਾਜਿਕ ਮਾਨਤਾ ਦੇ ਬੰਧਨ ਵਿੱਚ ਬੱਝਣ ਤੋਂ ਨਹੀਂ ਰੋਕ ਸਕਦੀਆਂ । ਅਜਿਹੀ ਇੱਕ ਮਿਸਾਲ ਭਾਰਤ ਤੇ ਪਾਕਿਸਤਾਨ ਵਾਸੀ ਫੇਸਬੁੱਕ ਮਿੱਤਰ ਮੁੰਡੇ-ਕੁੜੀ ਦੇ ਰਿਸ਼ਤੇ ਤੋਂ ਸਾਹਮਣੇ ਆਈ ਹੈ। ਕਰਾਚੀ ਦੀ ਰਹਿਣ ਵਾਲੀ ਸੁਮਨ ਦੀ ਫੇਸਬੁੱਕ ਦੋਸਤੀ ਗੁਰਦਾਸਪੁਰ ਜ਼ਿਲੇ ਦੇ ਸ੍ਰੀ ਹਰਗੋਬਿੰਦਪੁਰ ਦੇ ਵਸਨੀਕ ਅਮਿਤ ਨਾਲ ਹੋਈ । ਦੋਵੇ ਪਰਿਵਾਰਾਂ ਨੇ ਵੀ ਮੁੰਡੇ-ਕੁੜੀ ਦੀ ਮੁਹੱਬਤ ਨੂੰ ਸਵੀਕਾਰ ਕਰਕੇ ਵਿਆਹ ਦੀ ਹਾਮੀ ਭਰ ਦਿੱਤੀ । ਹੁਣ ਅਮਿਤ ਦੇ ਪਿਤਾ ਰਾਮੇਸ਼ ਕੁਮਾਰ ਨੇ ਆਪਣੀ ਹੋਣ ਵਾਲੀ ਨੂੰਹ ਸੁਮਨ ਅਤੇ ਉਸ ਦੇ ਮਾਪਿਆਂ ਸਮੇਤ ਹੋਰ ਰਿਸ਼ਤੇਦਾਰਾਂ ਨੂੰ ਵੀ ਸਪਾਂਸਰਸਿੱਪ ਭੇਜੀ, ਜਿਸ ਤੋਂ ਬਾਅਦ ਲੋੜੀਂਦੀ ਕਾਰਵਾਈ ਮੁਕੰਮਲ ਕਰਕੇ ਭਾਰਤ ਸਰਕਾਰ ਨੇ ਪਾਕਿਸਤਾਨ ਵਾਸੀ ਸੁਮਨ, ਉਸ ਦੇ ਮਾਪੇ ਅਤੇ ਹੋਰ ਕਈ ਰਿਸਤੇਦਾਰਾਂ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ ਅਤੇ ਹੱਦਾਂ-ਸਰਹੱਦਾਂ ਤੋਂ ਪਾਰ ਵੱਸਦੀ ਮੁਹੱਬਤ ਮਿਲ ਜਾਵੇਗੀ।