ਚੰਡੀਗੜ, 05 ਜੁਲਾਈ (ਜੀ98 ਨਿਊਜ਼) : ਬੇਅਦਬੀ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਜਾਂਚ ਟੀਮ ਦੇ ਬਲਾਉਣ ’ਤੇ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਆਪਣੇ ਬਿਆਨ ਦਰਜ ਕਰਵਾਏ। ਬਿਆਨ ਦਰਜ ਕਰਵਾਉਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਬੇਅਦਬੀ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਤਿੰਨ ਵਾਰ ਪਹਿਲਾਂ ਬਿਆਨ ਦਰਜ ਕਰਵਾ ਚੁੱਕੇ ਹਨ, ਅੱਜ ਚੌਥੀ ਵਾਰ ਵੀ ਉਨਾਂ ਨੇ ਉਹੀ ਬਿਆਨ ਦਰਜ ਕਰਵਾਏ ਹਨ। ਭਾਈ ਰਣਜੀਤ ਸਿੰਘ ਨੇ ਮੌਕੇ ਦੀ ਅਕਾਲੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਬੇਅਦਬੀ ਘਟਨਾ ਦਾ ਮਾਸਟਰ ਮਾਈਂਡ ਲੱਭਣ ਦੀ ਬਜਾਏ ਸੰਗਤਾ ਦੇ ਸਾਂਤਮਈ ਧਰਨੇ ’ਤੇ ਲਾਠੀਚਾਰਜ ਕੀਤਾ ਅਤੇ ਗੋਲੀ ਚਲਾਈ। ਉਨਾਂ ਕਿਹਾ ਕਿ ਇਹ ਹੋ ਨਹੀਂ ਸਕਦਾ ਕਿ ਪੁਲਿਸ ਲਾਠੀਚਾਰਜ ਬਾਰੇ ਮੌਕੇ ਦੀ ਸਰਕਾਰ ਚਲਾ ਰਹੇ ਆਗੂੁਆਂ ਨੂੰ ਜਾਣਕਾਰੀ ਨਾ ਹੋਵੇ। ਲੋਕਤੰਤਰ ਸੰਬੰਧੀ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਲੋਕਾਂ ਨੂੰ ਸ਼ਰਾਬ ਦੀ ਬੋਤਲ ਬਦਲੇ ਵੋਟ ਨਹੀਂ ਦੇਣੀ ਚਾਹੀਦੀ, ਸਾਡੇ ਲੀਡਰ ਅਜਿਹੇ ਨਹੀਂ ਹੋਣੇ ਚਾਹੀਦੇ ਜਿਹੜੇ ਲੋਕਾਂ ਨੂੰ ਸਹੂਲਤਾ ਦੇ ਨਾਂ ’ਤੇ ਭਿਖਾਰੀ ਬਣਾਉਦੇ ਹੋਣ। ਕਰੀਬ 700 ਕਰੋੜ ਦੀ ਹੈਰੋਇਨ ਸੰਬੰਧੀ ਗਿ੍ਫਤਾਰ ਕੀਤੇ ਪ੍ਰਭਜੀਤ ਸਿੰਘ ਨਾਲ ਆਪਣੀਆਂ ਫੋਟੋਆਂ ਵਾਇਰਲ ਹੋਣ ਸੰਬੰਧੀ ਉਨਾਂ ਦਲੀਲ ਦਿੱਤੀ ਕਿ ਹਜ਼ਾਰਾਂ ਲੋਕ ਮੇਰੇ ਨਾਲ ਤਸਵੀਰਾਂ ਕਰਵਾਉਦੇ ਹਨ, ਮੈਨੂੰ ਮਿਲਦੇ ਹਨ, ਗੁਰੂਦੁਆਰਾ ਪਰਮੇਸ਼ਰ ਦੁਆਰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਦੇ ਹਨ, ਇਕੱਲੇ -ਇਕੱਲੇ ਦੀ ਪੜਤਾਲ ਕਰਨਾ ਸੰਭਵ ਨਹੀਂ ਹੈ, ਜੋ ਗ਼ਲਤੀ ਕਰੇਗਾ ਉਹ ਸਜ਼ਾ ਭੁਗਤੇਗਾ।