ਬਰਨਾਲਾ 06 ਮਾਰਚ ( ਰਾਜਿੰਦਰ ਸ਼ਰਮਾ)-
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਸਾਈਕਲ ਰੈਲੀ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੱਢੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਈ ਇਸ ਸਾਈਕਲ ਰੈਲੀ ਨੂੰ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ‘ਸਿਹਤਮੰਦ ਔਰਤ-ਸਿਹਤਮੰਦ ਭਾਰਤ’ ਥੀਮ ਅਧੀਨ ਇਹ ਸਾਈਕਲ ਰੈਲੀ ਕੱਢੀ ਗਈ ਹੈ। ਇਸ ਰੈਲੀ ਦਾ ਮਕਸਦ ਲੋਕਾਂ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਸਿਰਜਣ ਲਈ ਔਰਤ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਡਾ. ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ “ਅੰਤਰ ਰਾਸ਼ਟਰੀ ਮਹਿਲਾ ਦਿਵਸ” ਦੇ ਸਬੰਧ ’ਚ ਕੱਢੀ ਗਈ ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਨੂੰ ਇਹ ਵੀ ਸੁਨੇਹਾ ਦੇਣਾ ਹੈ ਕਿ ਗੈਰ ਸੰਚਾਰੀ ਰੋਗਾਂ ਜਿਵੇਂ ਕੈਂਸਰ, ਦਿਲ ਦਾ ਦੌਰਾ, ਹਾਈਪਰਟੈੋਨਸ਼ਨ, ਸ਼ੂਗਰ ਰੋਗ ਆਦਿ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਸਰੀਰਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਹਰੀਸ਼ ਬਾਂਸਲ ਨੇ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੀ ਅਹਿਮੀਅਤ ਸਬੰਧੀ ਜਾਣੂ ਕਰਾਇਆ। ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਤੇ ਹਰਜੀਤ ਸਿੰਘ ਬਾਗੀ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਾਈਕਲ ਰੈਲੀ ਦੌਰਾਨ ਸੰਤੁਲਿਤ ਭੋਜਨ ਖਾਣ ਦਾ ਹੋਕਾ ਦਿੱਤਾ ਗਿਆ ਤੇ ਸੁਨੇਹਾ ਦਿੱਤਾ ਗਿਆ ਕਿ ਜੇਕਰ ਸਾਡਾ ਸਰੀਰ ਤੰਦਰੁਸਤ ਹੈ ਤਾਂ ਹੀ ਸਾਡਾ ਮਨ ਤੰਦਰੁਸਤ ਰਹੇਗਾ ਤੇ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ।