ਬਰਨਾਲਾ, 08 ਜੁਲਾਈ (ਨਿਰਮਲ ਸਿੰਘ ਪੰਡੋਰੀ) : ਸਥਾਨਕ ਐਸ ਡੀ ਕਾਲਜ ਨੇ ਅਕਾਦਮਿਕ ਖੇਤਰ ਵਿਚ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ ਅਧੀਨ ਚਲਦੀ ‘ਸਟਾਰ ਕਾਲਜ ਸਕੀਮ’ ਵਿਚ ਸ਼ਾਮਿਲ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਸਕੀਮ ਤਹਿਤ ਆਉਣ ਵਾਲਾ ਇਹ ਜ਼ਿਲੇ ਦਾ ਪਹਿਲਾ ਕਾਲਜ ਬਣ ਗਿਆ ਹੈ। ਕਾਲਜ ਦੇ ਲੋਕ ਸੰਪਰਕ ਅਫ਼ਸਰ ਪ੍ਰੋ. ਸ਼ੋਇਬ ਜ਼ਫ਼ਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਕਾਲਜ ਦੇ ਅਕਾਦਮਿਕ ਉੱਚ ਮਿਆਰ ਤੇ ਮੁਹਰ ਲਾਉਂਦਿਆਂ ਫ਼ਿਜ਼ਿਕਸ, ਕੈਮਿਸਟਰੀ, ਬਾਟਨੀ, ਜ਼ੁਆਲੋਜੀ ਅਤੇ ਮੈਥ ਵਿਭਾਗਾਂ ਨੂੰ ਵਿੱਤੀ ਸਹਾਇਤਾ ਲਈ ਚੋਣ ਕੀਤੀ ਹੈ। ਪ੍ਰੋਗਰਾਮ ਕੋਆਰਡੀਨੇਟਰ ਡਾ. ਕੁਲਭੂਸ਼ਣ ਰਾਣਾ ਨੇ ਦੱਸਿਆ ਕਿ ਉਪਰੋਕਤ ਵਿਭਾਗਾਂ ਵੱਲੋਂ ਕੇਂਦਰ ਸਰਕਾਰ ਦੀ ਉੱਚ ਪੱਧਰੀ ਕਮੇਟੀ ਸਾਹਮਣੇ ਪੇਸ਼ਕਾਰੀ ਤੋਂ ਬਾਅਦ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਸਾਇੰਸ ਵਿਭਾਗਾਂ ਦੇ ਉੱਚ ਮਿਆਰ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਜਿਸ ਦੇ ਸਿੱਟੇ ਵੱਜੋਂ ਸਾਇੰਸ ਦੇ ਇਹਨਾਂ ਵਿਭਾਗਾਂ ਨੂੰ ਵਿੱਤੀ ਸਹਾਇਤਾ ਲਈ ਚੁਣਿਆ ਗਿਆ ਹੈ। ਇਸ ਸਕੀਮ ਤਹਿਤ ਸਾਇੰਸ ਵਿਦਿਆਰਥੀਆਂ ਨੂੰ ਸਿਲੇਬਸ ਵਿਚਲੇ ਪ੍ਰਯੋਗਾਂ ਤੋਂ ਇਲਾਵਾ ਨਵੇਂ ਪ੍ਰਯੋਗ ਅਤੇ ਪ੍ਰੋਜੈਕਟ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਾਇੰਸ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸੈਮੀਨਾਰਾਂ, ਕਾਨਫ਼ਰੰਸਾਂ, ਖੋਜ ਪ੍ਰਸਤਾਵ, ਟਰੇਨਿੰਗ ਵਰਕਸ਼ਾਪਾਂ, ਨਾਮੀ ਵਿਦਵਾਨਾਂ ਦੇ ਲੈਕਚਰ,ਵਿਦਿਅਕ ਫੇਰੀ ਅਤੇ ਟਰੇਨਿੰਗ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਦੱਸਿਆ ਕਿ ਇਹ ਮਹੱਤਵਪੂਰਣ ਪ੍ਰੋਜੈਕਟ ਮਿਲਣ ਨਾਲ ਸਾਇੰਸ ਵਿਭਾਗਾਂ ਦੇ ਨਾਲ ਨਾਲ ਕਾਲਜ ਦੇ ਸਰਵਪੱਖੀ ਵਿਕਾਸ ਵਿਚ ਹੋਰ ਤੇਜ਼ੀ ਆਵੇਗੀ। ਸਾਇੰਸ ਲੈਬਜ਼ ਅਤੇ ਲਾਇਬਰੇਰੀ ਦੇ ਹੋਰ ਆਧੁਨੀਕਰਨ ਵਿਚ ਇਹ ਪ੍ਰੋਜੈਕਟ ਮੀਲ ਦਾ ਪੱਥਰ ਸਾਬਤ ਹੋਵੇਗਾ। ਸਾਇੰਸ ਵਿਭਾਗਾਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐਸ ਡੀ ਕਾਲਜ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉੱਪ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਅਤੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਕੋਆਰਡੀਨੇਟਰ ਡਾ. ਕੁਲਭੂਸ਼ਣ ਰਾਣਾ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ।