ਬਰਨਾਲਾ, 08 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪ੍ਰਸਿੱਧ ਆਈਲੈਟਸ ਸੈਂਟਰ ਗਰੇ-ਮੈਟਰਜ਼ ਦੇ ਸੰਚਾਲਕ ਭਗਵੰਤ ਰਾਜ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਸਥਾਨਕ 22 ਏਕੜ ਖੇਤਰ ਵਿੱਚ ਬਣੇ ਸੋਲੀਟੇਅਰ ਹੋਟਲ ਦੇ ਇੱਕ ਕਮਰੇ ’ਚ ਭਗਵੰਤ ਰਾਜ ਨੇ ਬਾਅਦ ਦੁਪਹਿਰ ਆਪਣੀ ਹੱਥੀਂ ਆਪਣੀ ਮੌਤ ਦੀ ਦਰਦਨਾਕ ਘਟਨਾ ਨੂੰ ਅੰਜ਼ਾਮ ਦਿੱਤਾ। ਭਗਵੰਤ ਰਾਜ ਮੋਗਾ ਜ਼ਿਲੇ ਦੇ ਰਾਊਕੇ ਪਿੰਡ ਦਾ ਰਹਿਣ ਵਾਲਾ ਸੀ,ਉਸ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਉਸ ਦੇ ਦੋ ਬੱਚੇ ਹਨ ਜਿਨਾਂ ਵਿੱਚੋਂ ਇੱਕ ਕੈਨੇਡਾ ਵਿੱਚ ਹੈ। ਉਹ ਬਰਨਾਲਾ ਬੱਸ ਸਟੈਡ ਦੇ ਪਿੱਛੇ ਆਈਲੈਟਸ ਸੈਂਟਰ ਮਾਰਕੀਟ ਵਿੱਚ ਗਰੇ-ਮੈਟਰਜ਼ ਦੇ ਨਾਮ ਹੇਠ ਆਈਲੈਟਸ ਸੰਸਥਾ ਚਲਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਭਗਵੰਤ ਰਾਜ ਵੱਲੋਂ ਕੀਤੀ ਆਤਮਹੱਤਿਆ ਦੇ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ। ਆਤਮਹੱਤਿਆ ਦੇ ਅਸਲ ਕਾਰਨ ਭਾਂਵੇ ਪੁਲਿਸ ਪੜਤਾਲ ਤੋਂ ਹੀ ਸਾਹਮਣੇ ਆਉਣਗੇ ਪਰ ਘਟਨਾ ਸਥਾਨ ’ਤੇ ਹਾਜ਼ਰ ਕੁਝ ਹੋਰ ਆਈਲੈਟਸ ਸਂੈਟਰਾਂ ਦੇ ਸੰਚਾਲਕਾਂ ਦੀ ਚਰਚਾ ਸੀ ਕਿ ਭਗਵੰਤ ਰਾਜ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਤੋਂ ਸੰਸਥਾ ਬੰਦ ਰਹਿਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ।