-ਮਾਮਲਾ ਲਾਲ ਰੰਗ ਦੇ ਪਾਣੀ ਦਾ

ਬਰਨਾਲਾ, 09 ਜੁਲਾਈ (ਨਿਰਮਲ ਸਿੰਘ ਪੰਡੋਰੀ) : ਸੰਗਰੂਰ ਜ਼ਿਲੇ ਦੇ ਪਿੰਡ ਆਲੋਆਰਖ ਦੀ ਇੱਕ ਖ਼ਬਰ ਨੇ ਲੋਕਾਂ ਦੀ ਜਾਨ ਮੁੱਠੀ ਵਿੱਚ ਬੰਦ ਕੀਤੀ ਹੋਈ ਹੈ। ਇਹ ਖ਼ਬਰ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ। ਪਿੰਡ ਆਲੋਆਰਖ ਦੇ ਕਿਸਾਨ ਕੁਲਵਿੰਦਰ ਸਿੰਘ ਅਤੇ 2-3 ਹੋਰ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਦਾ ਪਾਣੀ ਲਾਲ ਰੰਗ ਦਾ ਨਿਕਲ ਰਿਹਾ ਹੈ। ਇਹ ਕੋਈ ਕੁਦਰਤੀ ਕਰਿਸ਼ਮਾ ਨਹੀਂ, ਸਗੋਂ ਧਰਤੀ ਵਿੱਚੋਂ ਨਿਕਲ ਰਹੇ ਇਸ ਲਾਲ ਰੰਗ ਦੇ ਪਾਣੀ ਲਈ ਇਨਸਾਨ ਦਾ ਸੁਆਰਥ ਅਤੇ ਲਾਲਚ ਜ਼ਿੰਮੇਵਾਰ ਹੈ। ਕੁਝ ਸਾਲ ਪਹਿਲਾਂ ਪਿੰਡ ਆਲੋਆਰਖ ਵਿੱਚ ਇੱਕ ਕੈਮੀਕਲ ਫੈਕਟਰੀ ਲੱਗੀ ਸੀ ਜਿਸ ਦੇ ਮਾਲਕ ਨੇ ਫੈਕਟਰੀ ਦੇ ਅੰਦਰ ਹੀ 300 ਤੋਂ ਜਿਆਦਾ ਡੂੁੰਘਾ ਬੋਰ ਕਰਕੇ ਫੈਕਟਰੀ ਦੇ ਉਤਪਾਦਨ ਦੀ ਰਹਿੰਦ-ਖੂੰਹਦ ਤਰਲਪਦਾਰਥ ਧਰਤੀ ਦੇ ਵਿੱਚ ਹੀ ਜ਼ਜ਼ਬ ਕਰ ਦਿੱਤੇ। ਭਾਂਵੇ ਕਿ ਇਹ ਫੈਕਟਰੀ 2006 ਵਿੱਚ ਬੰਦ ਹੋ ਚੁੱਕੀ ਹੈ ਪਰ ਫੈਕਟਰੀ ਅੰਦਰ ਕੀਤੇ ਬੋਰ ਵਿੱਚ ਜਜ਼ਬ ਹੋਏ ਕੈਮੀਕਲ ਪਦਾਰਥਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਬਾਕਸ ਆਈਟਮ
ਪਿੰਡ ਆਲੋਆਰਖ ਦੇ ਖੇਤਾਂ ਵਿੱਚੋਂ ਨਿਕਲ ਰਹੇ ਕੈਮੀਕਲ ਪ੍ਰਦੂਸ਼ਿਤ ਲਾਲ ਰੰਗ ਦੇ ਪਾਣੀ ਨੇ ਪਿੰਡ ਵਾਸੀਆਂ ਨੂੰ ਚਮੜੀ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਲਪੇਟਿਆ ਹੋਇਆ ਹੈ। ਦੂਜੇ ਪਾਸੇ ਫਸਲ ਦਾ ਝਾੜ ਘਟ ਕੇ ਅੱਧਾ ਹੀ ਨਿਕਲ ਰਿਹਾ ਹੈ। ਤਰਾਸਦੀ ਇਹ ਵੀ ਹੈ ਕਿ ਜਿਹੜੇ ਮਜ਼ਦੂਰ ਇੱਕ ਵਾਰ ਇਨਾਂ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂਦੇ ਹਨ ਉਹ ਚਮੜੀ ਦੇ ਰੋਗ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਮਾਰ ਥੱਲੇ ਆ ਜਾਂਦੇ ਹਨ , ਸਿੱਟੇ ਵਜੋਂ ਕੋਈ ਮਜ਼ਦੂਰ ਇਨਾਂ ਖੇਤਾਂ ਵਿੱਚ ਕੰਮ ਕਰਨ ਨਹੀਂ ਜਾਂਦਾ।

ਬਾਕਸ ਆਈਟਮ
ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਫੈਕਟਰੀ ਮਾਲਕ ਨੂੰ 2 ਕਰੋੜ ਦਾ ਜੁਰਮਾਨਾ ਵੀ ਕੀਤਾ ਸੀ ਪ੍ਰੰਤੂ ਸਵਾਲ ਇਹ ੳੁੱਠਦਾ ਹੈ ਕਿ ਆਲੋਆਰਖ ਦੇ ਖੇਤਾਂ ਵਿੱਚ ਇਹ ਲਾਲ ਰੰਗ ਦਾ ਕੈਮੀਕਲ ਯੁਕਤ ਪਾਣੀ ਪਿਛਲੇ 7-8 ਸਾਲਾਂ ਤੋਂ ਨਿਕਲ ਰਿਹਾ ਹੈ, ਐਨੇ ਸਾਲ ਬੀਤਣ ਦੇ ਬਾਵਜੂੁਦ ਵੀ ਪ੍ਰਸ਼ਾਸਨ ਨੇ ਇਸ ਜਾਨਲੇਵਾ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਦਾ ਖਮਿਆਜ਼ਾ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਬਾਕਸ ਆਈਟਮ
ਅਕਸਰ ਕਿਹਾ ਜਾਂਦਾ ਹੈ ਕਿ ਪਾਣੀ ਦੀ ਘਾਟ ਅਤੇ ਪ੍ਰਦੂਸ਼ਣ ਵਾਲਾ ਪਾਣੀ ਆਉਣ ਵਾਲੇ ਸਮੇਂ ’ਚ ਲੋਕਾਂ ਲਈ ਅਜਿਹੀ ਸਮੱਸਿਆ ਬਣਨ ਜਾ ਰਿਹਾ ਹੈ ਜਿਸ ਦਾ ਕਿਸੇ ਕੋਲ ਹੱਲ ਨਹੀਂ ਹੋਵੇਗਾ। ਅਜੋਕੇ ਦੌਰ ’ਚ ਪਾਣੀ ਦੀ ਦੁਰਵਰਤੋਂ ਭਵਿੱਖ ’ਚ ਸਾਡੇ ਪੋਤਿਆਂ ਦੋਹਤਿਆਂ ਲਈ ਅਨੇਕਾਂ ਤਰਾਂ ਦੀਆਂ ਭਿਆਨਕ ਬਿਮਾਰੀਆਂ ਅਤੇ ਹੋਰ ਸਮਾਜਿਕ ਸਮੱਸਿਆਵਾਂ ਸਹੇੜ ਰਹੀ ਹੈ। ਅਸੀਂ ਸਭ ਕੁਝ ਜਾਣਦੇ ਹੋਏ ਵੀ ਆਪਣੇ ਹੱਥੀਂ ਆਪਣੀ ਔਲਾਦ ਨੂੰ ਇਨਾਂ ਬਿਮਾਰੀਆਂ ਦੇ ਅਜਿਹੇ ਡੂੁੰਘੇ ਟੋਏ ਵਿੱਚ ਸੁੱਟ ਰਹੇ ਹਾਂ ਜਿੱਥਂੋ ਨਿਕਲਣਾ ਸਾਡੀ ਔਲਾਦ ਲਈ ਮੁਸ਼ਕਿਲ ਹੋਵੇਗਾ, ਕਿਉਂਕਿ ਅੱਗੇ ਤਾਂ ਧਰਤੀ ਹੇਠਲੇ ਪਾਣੀ ਨੇ ਆਪਣਾ ਰੰਗ ਹੀ ਬਦਲਿਆ ਹੈ ਪਰ ਜੇਕਰ ਅਸੀਂ ਪਾਣੀ ਦੀ ਦੁਰਵਰਤੋਂ ਤੋਂ ਨਾ ਟਲੇ ਤਾਂ ਇਹ ਪਾਣੀ ਸਾਡਾ ਭਵਿੱਖ ਪ੍ਰਦੂਸ਼ਿਤ ਕਰ ਦੇਵੇਗਾ। ਪਾਣੀ ਦੀ ਦੁਰਵਰਤੋਂ ਅਤੇ ਪ੍ਰਦੂਸ਼ਣ ਸੰਬੰਧੀ ਇਹ ਕਹਿਣਾ ਵਾਜਿਬ ਹੈ ਕਿ ਡੁੱਲੇ ਹੋਏ ਅੱਧੇ ਬੇਰ ਖ਼ਰਾਬ ਹੋ ਚੁੱਕੇ ਹਨ ਪਰ ਜੇਕਰ ਅਸੀਂ ਬਾਕੀ ਸਹੀ ਸਲਾਮਤ ਬਚੇ ਤਾਂ ਅੱਧੇ ਬੇਰ ਨਾ ਚੁੱਕੇ ਤਾਂ ਪਛਤਾਉਣ ਦਾ ਸਮਾਂ ਵੀ ਨਹੀਂ ਮਿਲੇਗਾ।
