ਬਰਨਾਲਾ, 10 ਜੁਲਾਈ (ਨਿਰਮਲ ਸਿੰਘ ਪੰਡੋਰੀ) : ਜ਼ਿਲਾ ਬਰਨਾਲਾ ਨੂੰ ਹਰ ਖੇਤਰ ’ਚ ਵਿਕਾਸ ਪੱਖੋਂ ਮੁਕੰਮਲ ਕਰਕੇ ਸੂਬੇ ਦੇ ਮੋਹਰੀ ਜ਼ਿਲਿਆਂ ਵਿੱਚ ਬਰਨਾਲਾ ਦਾ ਨਾਮ ਜਲਦੀ ਸ਼ੁਮਾਰ ਹੋ ਜਾਵੇਗਾ। ਬਰਨਾਲਾ ਵਾਸੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਜ਼ਿਲਾ ਹੈੱਡਕੁਆਟਰ ’ਤੇ ਜਲਦੀ ਹੀ ਮਿਲਣਗੀਆਂ। ਇਹ ਦਾਅਵਾ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲਂੋ ਨੇ ਜੀ98 ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ। ਬਰਨਾਲਾ ਵਿਖੇ ਸੁਪਰਸਪੈਸ਼ਲਿਟੀ ਹਸਪਤਾਲ ਦੇ ਨਿਰਮਾਣ ਸੰਬੰਧੀ ਢਿੱਲੋਂ ਨੇ ਕਿਹਾ ਕਿ ਸਾਰੇ ਅੜਿੱਕੇ ਦੂਰ ਕਰਕੇ ਜਲਦੀ ਹੀ ਸਰਕਾਰ ਵੱਲੋਂ ਦਿੱਤੀ 40 ਕਰੋੜ ਦੀ ਪਹਿਲੀ ਕਿਸ਼ਤ ਨਾਲ ਹਸਪਤਾਲ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ, ਜਿੱਥੇ ਲੋਕਾਂ ਨੂੰ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਮਿਲਣਗੀਆਂ। ਉਨਾਂ ਦੱਸਿਆ ਕਿ ਜ਼ਿਲੇ ਦੇ 15 ਪਿੰਡਾਂ ’ਚ ਲੱਗਭਗ 72 ਲੱਖ ਦੀ ਲਾਗਤ ਨਾਲ ਵਾਲੀਬਾਲ, ਬਾਸਕਿਟਬਾਲ ਅਤੇ ਟਰੈਕ ਦੇ ਨਵੇਂ ਖੇਡ ਮੈਦਾਨ ਬਣ ਕੇ ਤਿਆਰ ਹਨ ਜਿੱਥੇ ਨੌਜਵਾਨ ਖੇਡ ਗਤੀਵਿਧੀਆਂ ਨਾਲ ਜੁੜਣਗੇ ਅਤੇ ਨਸ਼ੇ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣਗੇ। ਢਿੱਲੋਂ ਨੇ ਦਾਅਵਾ ਕੀਤਾ ਕਿ ਉਹ ਬਰਨਾਲਾ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਕੇ ਬਰਨਾਲਾ ਨੂੰ ਅਜਿਹਾ ਨਮੂਨੇ ਦਾ ਜ਼ਿਲਾ ਬਣਾਉਣਗੇ ਜਿਸ ’ਤੇ ਹਰ ਬਰਨਾਲਾ ਵਾਸੀ ਮਾਣ ਮਹਿਸੂਸ ਕਰੇਗਾ।