-ਸਬ ਡਿਵੀਜ਼ਨਲ ਹਸਪਤਾਲ ਤਪਾ ਦਾ ਪੰਜਾਬ ‘ਚੋਂ ਚੌਥਾ ਸਥਾਨ
ਬਰਨਾਲਾ 11 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-
ਸਿਹਤ ਵਿਭਾਗ ਬਰਨਾਲਾ ਵੱਲੋਂ ਸੂਬੇ ਭਰ ‘ਚੋਂ ਆਪਣੀਆਂ ਸਿਹਤ ਸੇਵਾਵਾਂ ਦੇ ਉੱਤਮ ਦਰਜੇ ਨੂੰ ਬਰਕਰਾਰ ਰੱਖਦਿਆਂ ਲਗਾਤਾਰ ਦੂਸਰੀ ਵਾਰ ਕਾਇਕਲਪ ਅਤੇ ਈਕੋ ਫਰੈਂਡਲੀ ਪ੍ਰੋਗਰਾਮ ਵਿੱਚ ਸਿਵਲ ਹਸਪਤਾਲ ਬਰਨਾਲਾ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰ ਸਮਾਗਮ ਵਿੱਚ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਅਤੇ ਡੀ.ਐਮ.ਸੀ. ਕਮ ਨੋਡਲ ਅਫਸਰ ਕਾਇਆਕਲਪ ਪ੍ਰੋਗਰਾਮ ਡਾ. ਗੁਰਮਿੰਦਰ ਔਜਲਾ, ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਡਾ. ਜੋਤੀ ਕੌਸ਼ਲ, ਐਸ.ਐਮ.ਓ. ਧਨੌਲਾ ਡਾ. ਸਤਵੰਤ ਔਜਲਾ, ਐਸ.ਐਮ.ਓ. ਤਪਾ ਡਾ. ਨਵਜੋਤਪਾਲ ਸਿੰਘ ਭੁੱਲਰ, ਏ.ਐਚ.ਏ. ਸਿਵਲ ਹਸਪਤਾਲ ਬਰਨਾਲਾ ਡਾ. ਭਵਨਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸੂਬੇ ਦੇ ਹਸਪਤਾਲਾਂ ਦਾ ਬਾਇਓਮੈਡੀਕਲ ਵੇਸਟ, ਇਨਫੈਕਸ਼ਨ ਕੰਟਰੋਲ, ਸਾਫ-ਸਫਾਈ ਪ੍ਰਬੰਧ ਆਮ ਲੋਕਾਂ ਨੂੰ ਮੁਹੱਈਆ ਕਰਵਾਉਣ ਸਬੰਧੀ ਕਇਕਲਪ ਪ੍ਰੋਗਰਾਮ ਅਧੀਨ ਵਿਸ਼ੇਸ਼ ਸਰਵੇਖਣ ਕਰਵਾਇਆ ਜਾਂਦਾ ਹੈ। ਕਾਇਆਕਲ ਪ੍ਰੋਗਰਾਮ ਅਧੀਨ ਹੋਰਨਾਂ ਸ਼੍ਰੇਣੀਆਂ ਅਧੀਨ ਪੰਜਾਬ ਭਰ ‘ਚੋਂ ਸਬ-ਡਵੀਨਜ਼ਲ ਹਸਪਤਾਲ ਤਪਾ ਨੇ ਚੌਥਾ, ਜ਼ਿਲ੍ਹੇ ਭਰ ‘ਚੋਂ ਪੀ.ਐਚ.ਸੀ. ਭੱਠਲਾਂ ਅਤੇ ਹੈਲਥ ਵੈਲਨੈਸ ਸੈਂਟਰ ਕੱਟੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦਾ ਵਿਸ਼ੇਸ਼ ਧੰਨਵਾਦੀ ਹੈ, ਜਿਨ੍ਹਾਂ ਦੀ ਅਗਵਾਈ ਅਤੇ ਵਿਸ਼ੇਸ਼ ਸਹਿਯੋਗ ਸਦਕਾ ਸਿਹਤ ਸੇਵਾਵਾਂ ਦੀ ਆਮ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਦੀਆਂ ਇਹਨਾਂ ਮਾਣਮੱਤੀ ਪ੍ਰਾਪਤੀਆਂ ਦਾ ਸਿਹਰਾ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਵਿਸ਼ੇਸ਼ ਤੌਰ ‘ਤੇ ਸਫਾਈ ਸੇਵਕਾਂ ਸਿਰ ਜਾਂਦਾ ਹੈ, ਜਿਸ ਸਦਕਾ ਦੂਸਰੀ ਵਾਰ ਸਿਵਲ ਹਸਪਤਾਲ ਬਰਨਾਲਾ ਨੂੰ ਇਹ ਸਨਮਾਨ ਮਿਲਿਆ ਹੈ।