ਬਰਨਾਲਾ, 10 ਜੁਲਾਈ (ਜੀ98 ਨਿਊਜ਼) : ਸ਼ੋ੍ਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੀ ਗੱਡੀ ਸਿਰਫ਼ 65 ਲੱਖ ਰੁਪਏ ’ਚ ਲਿਜਾਣ ਦੀ ਪੇਸ਼ਕਸ਼ ਕੀਤੀ ਹੈ। ਦੱਸਣਯੋਗ ਹੈ ਕਿ ਵਲਟੋਹਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਈ ਰਣਜੀਤ ਸਿੰਘ ’ਤੇ ਸੰਗੀਨ ਦੋਸ਼ ਲਗਾਉਂਦੇ ਹੋਏ ਉਨਾਂ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ ਕਿਹਾ ਸੀ ਅਤੇ ਇਹ ਵੀ ਖੁਲਾਸਾ ਕੀਤਾ ਸੀ ਕਿ ਜਿਹੜੀ ਗੱਡੀ ਭਾਈ ਰਣਜੀਤ ਸਿੰਘ ਵਰਤਦੇ ਹਨ ਉਹ 1 ਕਰੋੜ 65 ਲੱਖ ਦੀ ਹੈ। ਵਿਰਸਾ ਸਿੰਘ ਵਲਟੋਹਾ ਦੇ ਇਸ ਖੁਲਾਸੇ ਨੂੰ ਹਾਸੋਹੀਣਾ ਦੱਸਦੇ ਹੋਏ ਭਾਈ ਰਣਜੀਤ ਸਿੰਘ ਨੇ ਆਪਣੀ ਗੱਡੀ ਸਿਰਫ਼ 65 ਲੱਖ ਰੁਪਏ ਵਿੱਚ ਵੇਚਣ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਇਹ ਸਲਾਹ ਵੀ ਦਿੱਤੀ ਕਿ ਇਹ ਗੱਡੀ ਮਾਰਕੀਟ ਵਿੱਚ 1 ਕਰੋੜ 65 ਲੱਖ ਦੀ ਵੇਚ ਕੇ ਵਲਟੋਹਾ ਬਿਜਲੀ ਬਿੱਲਾਂ ਦੇ ਬਕਾਏ ਅਤੇ ਕੁੰਡੀਆਂ ਦੇ ਜੁਰਮਾਨੇ ਅਦਾ ਕਰ ਸਕਦਾ ਹੈ। ਭਾਈ ਢੱਡਰੀਆਂਵਾਲਾ ਨੇ ਦੱਸਿਆ ਕਿ ਉਹ ਜਿਹੜੀ ਗੱਡੀ ਵਰਤ ਰਹੇ ਹਨ, ਇਹ ਉਹੀ ਗੱਡੀ ਹੈ ਜੋ ਉਨਾਂ ਉੱਪਰ ਹੋਏ ਹਮਲੇ ਸਮੇਂ ਹਮਲਾਵਰਾਂ ਵੱਲੋਂ ਬੁਰੀ ਤਰਾਂ ਭੰਨਤੋੜ ਦਿੱਤੀ ਗਈ ਸੀ ਅਤੇ ਇਹ ਗੱਡੀ 5 ਸਾਲ ਕੇਸ ਦੇ ਸੰਬੰਧ ਵਿੱਚ ਥਾਣੇ ਖੜੀ ਰਹੀ ਅਤੇ ਉਹ ਇਸ ਗੱਡੀ ਦੀ ਮੁਰੰਮਤ ਕਰਵਾਕੇ ਹੀ ਇਸ ਨੂੰ ਵਰਤ ਰਹੇ ਹਨ, ਜੇਕਰ ਵਿਰਸਾ ਸਿੰਘ ਨੂੰ ਲੱਗਦਾ ਹੈ ਕਿ ਇਹ ਗੱਡੀ 1 ਕਰੋੜ 65 ਲੱਖ ਦੀ ਹੈ ਤਾਂ ਉਹ ਇਸ ਨੂੰ ਸਿਰਫ਼ 65 ਲੱਖ ਵਿੱਚ ਲਿਜਾ ਸਕਦੇ ਹਨ। ਆਪਣੇ ਨਿੱਜੀ ਯੂ-ਟਿਊਬ ਚੈਨਲ ’ਤੇ ਜਾਰੀ ਇੱਕ ਵੀਡੀਓ ਵਿੱਚ ਭਾਈ ਰਣਜੀਤ ਸਿੰਘ ਨੇ ਵਲਟੋਹਾ ਵੱਲੋਂ ਜਾਂਚ ਕਰਵਾਉਣ ਸੰਬੰਧੀ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ‘‘ਮੈਂ ਹੱਥ ਖੜੇ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ,ਹਰ ਜਾਂਚ ਲਈ ਹਰ ਸਮੇਂ ਤਿਆਰ ਹਾਂ, ਨਾਰਕੋ ਟੈਸਟ ਲਈ ਵੀ ਤਿਆਰ ਹਾਂ ਪਰ ਇਨਾਂ ਲੀਡਰਾਂ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ ਹੈ’’। ਇਸ ਤਰਾਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ‘ਗੇਂਦ’ ਵਲਟੋਹਾ ਦੇ ਵਿਹੜੇ ਸੁੱਟ ਦਿੱਤੀ ਹੈ।
