ਬਰਨਾਲਾ, 12 ਜੁਲਾਈ (ਜੀ98 ਨਿਊਜ਼) : ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਵੱਲੋਂ ‘ਈ-ਸੰਵਾਦ’ ਸੀਰੀਜ਼ ਤਹਿਤ ‘ ਭਾਰਤ ਵਿਚ ਖੇਤੀ ਸੰਕਟ’ ਵਿਸ਼ੇ ’ਤੇ ਵੈਬੀਨਾਰ ਕਰਵਾਇਆ ਗਿਆ, ਜਿਸ ਦਾ ਉਦਘਾਟਨ ਪ੍ਰੋ. ਅਰਵਿੰਦ, ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵਿਦਿਆਰਥੀਆਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਜਾਵੇ ਕਿ ਖੇਤੀ ਸੰਬੰਧੀ ਬਦਲ ਰਹੀਆਂ ਪ੍ਰਸਥਿਤੀਆਂ ਕਾਰਨ ਕਿਸਾਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਵਿਦਿਆਰਥੀਆਂ/ਨੌਜਵਾਨਾਂ ਦੇ ਦਿਮਾਗ ਵਿਚ ਇਹ ਗੱਲ ਬਿਠਾਈ ਜਾ ਰਹੀ ਹੈ ਕਿ ਖੇਤੀ ਲਾਹੇਵੰਦ ਕਿੱਤਾ ਨਹੀਂ ਹੈ ਜਦ ਕਿ ਇਹ ਸਭ ਇਸ ਲਈ ਫੈਲਾਇਆ ਜਾ ਰਿਹਾ ਹੈ ਕਿ ਕਿਸਾਨ ਆਪਣੀਆਂ ਜ਼ਮੀਨਾਂ ਉਦਯੋਗਪਤੀਆਂ ਨੂੰ ਦੇ ਦੇਣ ਤੇ ਆਪ ਦਿਹਾੜੀ ਮਜ਼ਦੂਰ ਬਣ ਜਾਣ ਤਾਂ ਜੋ ਘੱਟ ਦਿਹਾੜੀ ’ਤੇ ਉਦਯੋਗਾਂ ਲਈ ਕਾਮੇ ਮਿਲ ਸਕਣ। ਉਨਾਂ ਨੇ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਅਜਿਹਾ ਮੁੱਦਾ ਗੱਲਬਾਤ ਲਈ ਚੁਣਨ ਲਈ ਵਧਾਈ ਦਿੱਤੀ ।
ਵੈਬੀਨਾਰ ਦੇ ਮੁੱਖ ਬੁਲਾਰੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਖੇਤੀ ਮਾਹਿਰ ਡਾ. ਦਵਿੰਦਰ ਸ਼ਰਮਾ ਨੇ ‘‘ਭਾਰਤ ਵਿਚ ਖੇਤੀ ਸੰਕਟ’’ ਵਿਸ਼ੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਮਾਰਕੀਟ ਕਿਸਾਨਾਂ ਨੂੰ ਸਹੀ ਕੀਮਤ ਨਹੀਂ ਦੇ ਰਹੀ, ਜਿਸ ਕਰਕੇ ਕਿਸਾਨ ਖੇਤੀ ਧੰਦਾ ਛੱਡਣ ਲਈ ਮਜਬੂਰ ਹੋ ਰਹੇ ਹਨ ਜਦਕਿ ਸਰਕਾਰ ਸਿਰਫ਼ ਉਤਯੋਗਪਤੀਆਂ ਲਈ ਕੰਮ ਕਰ ਰਹੀ ਹੈ। ਉਹਨਾਂ ਨੂੰ ਘੱਟ ਵਿਆਜ ’ਤੇ ਜ਼ਮੀਨ ਮੁਹੱਈਆ ਕਰਵਾਈ ਜਾਂਦੀ ਹੈ ਸਿਰਫ਼ ਇੱਕ ਰੁਪਏ ਤੇ ਇੱਕ ਏਕੜ ਜ਼ਮੀਨ ਦੇ ਕੇ ਉਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ। ਸਿਰਫ਼ ਭਾਰਤ ’ਚ ਹੀ ਨਹੀਂ ਬਲਕਿ ਸੰਸਾਰ ਦੇ ਬਾਕੀ ਦੇਸ਼ਾਂ ’ਚ ਵੀ ਅਜਿਹਾ ਹੀ ਵਾਪਰ ਰਿਹਾ ਹੈ। ਗਰੰਟਿਡ ਕੀਮਤਾਂ ਨਹੀਂ ਦਿੱਤੀਆਂ ਜਾ ਰਹੀਆਂ। ਪਿਛਲੇ ਸਮੇਂ 45 ਲੱਖ ਕਰੋੜ ਰੁਪਏ ਦਾ ਨੁਕਸਾਨ ਕਿਸਾਨਾਂ ਨੂੰ ਹੋਇਆ ਪਰ ਇਸ ਸਬੰਧੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ ਜਦਕਿ ਕਾਰਪੋਰੇਟਾਂ ਦੀ ਨਿੱਕੀ ਸਮੱਸਿਆ ਵੀ ਸੋਸ਼ਲ ਮੀਡੀਏ ਰਾਹੀਂ ਵੱਡੀ ਬਣਾ ਕੇ ਪੇਸ਼ ਕੀਤੀ ਜਾਂਦੀ ਹੈ। ਕਿਸਾਨਾਂ ਦੇ ਕਰਜ਼ੇ ਮਾਫ਼ੀ ਬਾਰੇ ਸਾਰੀ ਦੁਨੀਆਂ ’ਚ ਪ੍ਰਚਾਰ ਕੀਤਾ ਜਾਂਦਾ ਹੈ ਜਦਕਿ ਵੱਡੇ ਉਦਯੋਗਪਤੀਆਂ ਨੂੰ 15 ਏਕੜ ਜ਼ਮੀਨ 15 ਰੁਪਏ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਉਸ ਸਬੰਧੀ ਕੋਈ ਵਿਚਾਰ ਚਰਚਾ ਨਹੀਂ ਹੁੰਦੀ। ਸਰਕਾਰ ਅਜਿਹਾ ਮਾਹੌਲ ਬਣਾ ਰਹੀ ਹੈ ਕਿ ਕਿਸਾਨ ਖੇਤੀ ਛੱਡ ਕੇ ਸ਼ਹਿਰੀ ਕਾਮੇ ਬਣ ਜਾਣ। ਸਰਕਾਰ ਉਦਯੋਗ ਨੂੰ ਹੀ ਪ੍ਰਫੁੱਲਿਤ ਕਰਨ ’ਚ ਲੱਗੀ ਹੋਈ ਹੈ ਜਦਕਿ ਖੇਤੀ ਵੀ ਭਾਰਤੀ ਅਰਥ ਵਿਵਸਥਾ ਦੀ ਸਥਿਰਤਾ ਲਈ ਜ਼ਰੂਰੀ ਹੈ। ਇਸ ਕਰਕੇ ਨੌਜਵਾਨ ਵਰਗ ਨੂੰ ਸਰਕਾਰ ਦੀ ਅਜਿਹੀ ਸੋਚ ਨੂੰ ਚੈਲੰਜ ਕਰਨਾ ਚਾਹੀਦਾ ਹੈ।
ਪਿ੍ਰੰਸੀਪਲ ਡਾ. ਤਪਨ ਕੁਮਾਰ ਸਾਹੂ ਦੀ ਅਗਵਾਈ ’ਚ ਕਰਵਾਏ ਇਸ ਵੈਬੀਨਾਰ ਦਾ ਸੰਚਾਲਨ ਡਾ. ਸੀਮਾ ਸ਼ਰਮਾ ਨੇ ਕੀਤਾ। ਪ੍ਰੋ. ਬਰਿੰਦਰ ਕੌਰ ਇਸ ਵੈਬੀਨਾਰ ਦੇ ਕੋਆਰਡੀਨੇਟਰ ਸਨ। ਇਸ ਵੈਬੀਨਾਰ ਵਿਚ ਵੱਟਸਐਪ ਗਰੁੱਪ ਰਾਹੀਂ 250 ਭਾਗੀਦਾਰਾਂ ਨੇ ਭਾਗ ਲਿਆ। ਇਸ ਵੈਬੀਨਾਰ ’ਚ ਪੰਜਾਬ ਤੋਂ ਬਾਹਰਲੇ ਭਾਗੀਦਾਰਾਂ ਨੇ ਵੀ ਹਿੱਸਾ ਲਿਆ। ਅਖ਼ੀਰ ’ਚ ਪ੍ਰਸ਼ਨਾਂ ਦੇ ਉੱਤਰ ਵੀ ਡਾ. ਦਵਿੰਦਰ ਵੱਲੋਂ ਦਿੱਤੇ ਗਏ। ਡਾ. ਸੀਮਾ ਸ਼ਰਮਾ ਨੇ ਵਾਈਸ ਚਾਂਸਲਰ ਡਾ. ਅਰਵਿੰਦ ਤੇ ਡਾ. ਦਵਿੰਦਰ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਸਮੂਹ ਪ੍ਰਬੰਧਕੀ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ ਜਿੰਨਾ ਦੀ ਹੱਲਾਸ਼ੇਰੀ ਕਰਕੇ ਅਜਿਹੇ ਵੈਬੀਨਾਰ ਸੰਭਵ ਹੁੰਦੇ ਹਨ। ਐਸ ਡੀ ਕਾਲਜ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉੱਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਅਤੇ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਨੇ ਇਸ ਮਹੱਤਵਪੂਰਣ ਵਿਸ਼ੇ ’ਤੇ ਉੱਚ ਪੱਧਰੀ ਸੰਵਾਦ ਚਰਚਾ ਕਰਵਾਉਣ ’ਤੇ ਕਾਲਜ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।