ਬਰਨਾਲਾ 13 ਜੁਲਾਈ (ਜੀ98 ਨਿਊਜ਼) ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਧਨੌਲਾ ਵਿਖੇ ਲਵਪ੍ਰੀਤ ਸਿੰਘ ਦੇ ਘਰ ਪੁੱਜ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਇਸ ਸਮੇਂ ਮਾਹੌਲ ਭਾਵੁਕ ਹੋ ਗਿਆ ਜਦ ਲਵਪ੍ਰੀਤ ਦੀ ਮਾਂ ਸ੍ਰੀਮਤੀ ਮਨੀਸ਼ਾ ਗੁਲਾਟੀ ਦੇ ਗਲ ਲੱਗ ਕੇ ਰੋਈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਧਨੌਲਾ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਨੇ ਆਤਮਹੱਤਿਆ ਕਰ ਲਈ ਸੀ ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਉਸ ਦੀ ਮੌਤ ਲਈ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਨੂੰ ਜਿੰਮੇਵਾਰ ਦੱਸਿਆ ਸੀ। ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲਵਪ੍ਰੀਤ ਸਿੰਘ ਦਾ ਵਿਆਹ ਆਈਲੈਟਸ ਪਾਸ ਬੇਅੰਤ ਕੌਰ ਨਾਲ ਹੋਇਆ ਸੀ ਜਿਸ ਤੋਂ ਬਾਅਦ ਬੇਅੰਤ ਕੌਰ ਦੇ ਕੈਨੇਡਾ ਜਾਣ ਦਾ ਸਾਰਾ ਖਰਚਾ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਕੀਤਾ ਸੀ ਪ੍ਰੰਤੂ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਬੇਅੰਤ ਕੌਰ ਨੇ ਲਵਪ੍ਰੀਤ ਸਿੰਘ ਪ੍ਰਤੀ ਆਪਣਾ ਨਜ਼ਰੀਆ ਬਦਲ ਲਿਆ, ਜਿਸ ਤੋਂ ਨਿਰਾਸ਼ ਹੋ ਕੇ ਲਵਪ੍ਰੀਤ ਨੇ ਆਤਮਹੱਤਿਆ ਕਰ ਲਈ। ਸੋਸਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋਈ ਇਸ ਵੀਡੀਓ ਦਾ ਨੋਟਿਸ ਲੈਂਦੇ ਹੋਏ ਪੰਜਾਬ ਮਹਿਲਾ ਕਮਿਸ਼ਨ ਨੇ ਧਨੌਲਾ ਵਿਖੇ ਆ ਕੇ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਦਾ ਫੈਸਲਾ ਕੀਤਾ ਸੀ। ਲਵਪ੍ਰੀਤ ਸਿੰਘ ਦੇ ਘਰ ਉਸ ਦੇ ਪਰਿਵਾਰ ਨੂੰ ਮਿਲਣ ਸਮੇਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਕੇਸ ਦੀ ਉੱਚ ਪੱਧਰੀ ਜਾਂਚ ਹੋਵੇਗੀ ਅਤੇ ਜਾਂਚ ਦੌਰਾਨ ਇਸ ਕੇਸ ਨਾਲ ਜੁੜੇ ਹੋਏ ਹਰ ਪੱਖ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਨੂੰ ਭਾਰਤ ਵੀ ਆਉਣਾ ਪੈ ਸਕਦਾ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਧਨੌਲੇ ਵਾਲੀ ਘਟਨਾ ਤੋਂ ਬਾਅਦ ਉਨਾਂ ਕੋਲ ਇਸ ਤਰਾਂ ਦੇ ਮਾਮਲਿਆਂ ਦੀਆਂ ਬਹੁਤ ਸਾਰੀਆਂ ਦਰਖਾਸਤਾਂ ਪੁੱਜੀਆਂ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਈਲੈੱਟਸ ਬੈਂਡਾਂ ਦੇ ਚੱਕਰਾਂ ਵਿੱਚ ਆਪਣੇ ਮੁੰਡਿਆਂ ਦਾ ਭਵਿੱਖ ਦਾਅ ‘ਤੇ ਨਾ ਲਗਾਉਣ। ਧਨੌਲਾ ਵਿਖੇ ਲਵਪ੍ਰੀਤ ਸਿੰਘ ਦੇ ਘਰ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਪੰਜਾਬ ਦੇ ਕਈ ਜਿਿਲਆਂ ਤੋਂ ਆਏ ਅਜਿਹੇ ਹੋਰ ਨੌਜਵਾਨਾਂ ਦੇ ਦੁਖੜੇ ਵੀ ਸੁਣੇ ਜਿਨਾਂ ਨੇ ਆਈਲੈੱਟਸ ਬੈਂਡ ਪਾਸ ਕੁੜੀਆਂ ਨੂੰ ਵਿਆਹ ਕਰਵਾ ਕੇ ਅਤੇ ਲੱਖਾਂ ਰੁਪਏ ਖਰਚ ਕਰਕੇ ਬਾਹਰ ਭੇਜਿਆ ਪਰ ਹੁਣ ਕੁੜੀਆਂ ਉਨਾਂ ਨੂੰ ਬਾਹਰ ਬੁਲਾਉਣ ਤੋਂ ਆਨਾਕਾਨੀ ਕਰ ਰਹੀਆਂ ਹਨ
