ਬਰਨਾਲਾ,16 ਜੁਲਾਈ (ਨਿਰਮਲ ਸਿੰਘ ਪੰਡੋਰੀ) : ਲੁਧਿਆਣਾ-ਬਠਿੰਡਾ ਗਰੀਨਫੀਲਡ ਹਾਈਵੇ ਐਨਐਚ 754 ਲਈ ਜ਼ਮੀਨਾਂ ਅਕਵਾਇਰ ਕਰਨ ਦੇ ਵਿਰੋਧ ਵਜੋਂ ਕਿਸਾਨ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬਰਨਾਲਾ ਜ਼ਿਲੇ ਦੇ ਕੁਝ ਪਿੰਡਾਂ ਦੇ ਕਿਸਾਨਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਟਰੈਕਟਰ-ਟਰਾਲੀਆਂ ਲਗਾ ਕੇ ਬੰਦ ਕਰ ਦਿੱਤੇ, ਜਿਸ ਕਾਰਨ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਕੰਮਕਾਰ ਲਈ ਆਏ ਲੋਕ , ਸਾਰੇ ਅਫ਼ਸਰ,ਸਾਰੇ ਜੱਜ ਅਤੇ ਵਕੀਲ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਹੀ ਬੰਦ ਰਹੇ।
ਦੱਸਣਯੋਗ ਹੈ ਕਿ ਸਵੇਰੇ ਕਰੀਬ 10 ਕੁ ਵਜੇ ਨੈਸ਼ਨਲ ਹਾਈਵੇ ਲਈ ਜ਼ਮੀਨਾਂ ਅਕਵਾਇਰ ਹੋਣ ਵਾਲੇ ਪਿੰਡਾਂ ਦੇ ਕਿਸਾਨਾਂ ਨੇ ਡੀ.ਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਮੰਗ ਕੀਤੀ ਕਿ ਜ਼ਮੀਨਾਂ ਅਕਵਾਇਰ ਕਰਨ ਦੀ ਕਾਰਵਾਈ ਤੁਰੰਤ ਰੋਕੀ ਜਾਵੇ ਪੰ੍ਰਤੂ ਜਦ ਦੁਪਹਿਰ 3 ਵਜੇ ਤੱਕ ਕਿਸੇ ਵੀ ਅਫ਼ਸਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਅੱਕੇ ਹੋਏ ਕਿਸਾਨਾਂ ਨੇ ਜ਼ਿਲਾ ਕਚਿਹਰੀਆਂ ਸਮੇਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਟਰੈਕਟਰ ਟਰਾਲੀਆਂ ਲਗਾ ਕੇ ਬੰਦ ਕਰ ਦਿੱਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਜਗਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਲਈ ਜ਼ਮੀਨ ਅਕਵਾਇਰ ਕਰਨ ਸੰਬੰਧੀ ਸਬੰਧਿਤ ਕਿਸਾਨਾਂ ਨੂੰ ਬਿਲਕੁਲ ਵੀ ਭਰੋਸੇ ’ਚ ਨਹੀਂ ਲਿਆ ਜਾ ਰਿਹਾ ਸਗੋਂ ਸਾਰੀ ਕਾਰਵਾਈ ਧੱਕੇ ਨਾਲ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਅਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਰੇਟ ਵੀ ਘੱਟ ਦਿੱਤਾ ਜਾ ਰਿਹਾ ਹੈ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਇਸ ਲਈ ਕਿਸੇ ਵੀ ਹਾਲਤ ਵਿੱਚ ਹਾਈਵੇ ਲਈ ਜ਼ਮੀਨਾਂ ਨਹੀਂ ਦਿੱਤੀਆਂ ਜਾਣਗੀਆਂ । ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਬੰਦ ਹੋਣ ਕਾਰਨ ਬਹੁਤ ਜਰੂਰੀ ਕੰਮ ਵਾਲੇ ਲੋਕਾਂ ਨੂੰ ਗੇਟ ਟੱਪ ਕੇ ਹੀ ਅੰਦਰ ਜਾਣਾ ਪਿਆ।
ਗੇਟ ਬੰਦ ਹੋਣ ਤੋਂ ਬਾਅਦ ਵਕੀਲਾਂ ਨੇ ਕਿਸਾਨ ਆਗੂੁਆਂ ਨੂੰ ਅਪੀਲ ਕੀਤੀ ਕਿ ਅਦਾਲਤਾਂ ਵਿੱਚ ਪੇਸ਼ੀ ਅਤੇ ਹੋਰ ਕੰਮਾਂ ਲਈ ਆਈਆਂ ਔਰਤਾਂ ਅਤੇ ਮਹਿਲਾ ਵਕੀਲਾਂ ਨੂੰ ਬਾਹਰ ਨਿਕਲਣ ਦਿੱਤਾ ਜਾਵੇ ਪ੍ਰੰਤੂ ਕਿਸਾਨਾਂ ਨੇ ਵਕੀਲਾਂ ਨੂੰ ਵੀ ਦੋ-ਟੁੱਕ ਜਵਾਬ ਦੇ ਦਿੱਤਾ।
ਬਾਕਸ ਆਈਟਮ
2 ਘੰਟੇ ਗੇਟ ਬੰਦ ਰਹਿਣ ਤੋਂ ਬਾਅਦ ਜ਼ਿਲਾ ਮਾਲ ਅਫ਼ਸਰ -ਕਮ-ਕੰਪੀਟੈਂਟ ਅਥਾਰਿਟੀ ਲੈਂਡ ਐਕੂਜੀਸ਼ਨ ਨੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪੱਤਰ ਨੰਬਰ 492/ਐਨਐਚ/ਸੀਏਐਲਏ ਰਾਹੀਂ ਲਿਖ਼ਤੀ ਤੌਰ ’ਤੇ ਭਰੋਸਾ ਦਿੱਤਾ ਕਿ ਜ਼ਮੀਨ ਅਕਵਾਇਰ ਕਰਨ ਸੰਬੰਧੀ ਐਵਾਰਡ ਸੁਣਾਉਣ ਤੋਂ ਪਹਿਲਾਂ ਸਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਅਤੇ ਨਾਲ ਲੱਗਦੇ ਜ਼ਿਲਿਆਂ ਦੇ ਐਵਾਰਡਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਕਿਸਾਨਾਂ ਨੇ ਬੰਦ ਕੀਤੇ ਗੇਟ ਖੋਲ ਦਿੱਤੇ।