ਬਰਨਾਲਾ, 19 ਜੁਲਾਈ (ਨਿਰਮਲ ਸਿੰਘ ਪੰਡੋਰੀ) : ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਆਉਣ ’ਤੇ ਬਰਨਾਲਾ ਦੇ ਟਕਸਾਲੀ ਕਾਂਗਰਸੀਆਂ ਨੇ ਲੋਹੜੇ ਦੀ ਖ਼ੁਸੀ ਮਨਾਈ। ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਹੀ ਪਾਰਟੀ ਵਿੱਚ ਆਪਣੇ ਵਕਾਰ ਦੀ ਲੜਾਈ ਲੜ ਰਹੇ ਟਕਸਾਲੀ ਕਾਂਗਰਸੀਆਂ ਨੇ ਸਥਾਨਕ ਕਚਿਹਰੀ ਚੌਕ ’ਚ ਲੱਡੂ ਵੰਡ ਕੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਮਾਨ , ਐਡਵੋਕੇਟ ਜਤਿੰਦਰ ਕੁਮਾਰ, ਸਰਪੰਚ ਰਣਜੀਤ ਸਿੰਘ ਰਾਣਾ, ਡਾ. ਬਲਵੀਰ ਸਿੰਘ ਸੰਘੇੜਾ, ਸੂਰਤ ਸਿੰਘ ਬਾਜਵਾ, ਬਲਦੇਵ ਸਿੰਘ ਭੁੱਚਰ ਸਾਬਕਾ ਐਮਸੀ, ਜਸਵਿੰਦਰ ਸਿੰਘ ਟਿੱਲੂ ਸਾਬਕਾ ਐਮਸੀ, ਸੰਮੀ ਠੁੱਲੀਵਾਲ ਨੇ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪੰਜਾਬ ’ਚ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ। ਉਨਾਂ ਕਿਹਾ ਕਿ ਪ੍ਰਧਾਨਗੀ ਦਾ ਐਲਾਨ ਹੋਣ ਤੋ ਪਹਿਲਾਂ ਹੀ ਜਿਸ ਤਰਾਂ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਕਾਂਗਰਸੀਆਂ ਦੇ ਘਰ-ਘਰ ਜਾ ਕੇ ਮੁਲਾਕਾਤ ਕੀਤੀ , ਉਸ ਤੋਂ ਜ਼ਾਹਿਰ ਹੈ ਕਿ ਨਵ ਨਿਯੁਕਤ ਪ੍ਰਧਾਨ ਸਿੱਧੂ ਪਰਾਣੇ ਕਾਂਗਰਸੀਆਂ ਦੇ ਤਜ਼ਰਬੇ ਦੀ ਰੌਸ਼ਨੀ ’ਚ ਕਾਂਗਰਸ ਨੂੰ ਪੰਜਾਬ ’ਚ ਮਜ਼ਬੂਤੀ ਦੇਣਗੇ। ਇਸ ਮੌਕੇ ਸੁਭਾਸ਼ ਪੰਡਤ ਕੁਰੜ ਵਾਲੇ, ਸਰਪੰਚ ਜਗਦੇਵ ਸਿੰਘ, ਜਸਵੰਤ ਸਿੰਘ ਜੱਸੀ, ਕੁਲਦੀਪ ਸਿੰਘ ਗੁੱਗ, ਪੰਚ ਰਾਜਵਿੰਦਰ ਸਿੰਘ, ਮੇਜਰ ਮਿੱਤਰ, ਜਗਤਾਰ ਸਿੰਘ ਪੱਖੋ ਸਮੇਤ ਭਰਵੀਂ ਗਿਣਤੀ ’ਚ ਟਕਸਾਲੀ ਕਾਂਗਰਸੀ ਹਾਜ਼ਰ ਸਨ।