ਬਰਨਾਲਾ, 20 ਜੁਲਾਈ (ਜੀ98 ਨਿਊਜ਼) : ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਚਿਖ਼ਾ ਦਾ ਸੇਕ ਕੈਨੇਡਾ ਤੱਕ ਵੀ ਜਾ ਪੁੱਜਾ ਹੈ। ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਦੀ ਮੌਤ ਲਈ ਪਰਿਵਾਰ ਨੇ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੇਅੰਤ ਕੌਰ ਆਈਲੈਟਸ ਪਾਸ ਸੀ , ਜਿਸ ਦਾ ਵਿਆਹ ਲਵਪ੍ਰੀਤ ਸਿੰਘ ਨਾਲ ਹੋਇਆ ਅਤੇ ਜਿਸ ਦੇ ਕੈਨੇਡਾ ਜਾਣ ਦਾ ਸਾਰਾ ਖਰਚਾ ਲਵਪ੍ਰੀਤ ਦੇ ਪਰਿਵਾਰ ਨੇ ਕੀਤਾ ਸੀ । ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੇਅੰਤ ਕੌਰ ਨੇ ਕੈਨੇਡਾ ਜਾ ਕੇ ਲਵਪ੍ਰੀਤ ਨਾਲ ਰਾਬਤਾ ਤੋੜ ਦਿੱਤਾ ਅਤੇ ਲਵਪ੍ਰੀਤ ਸਿੰਘ ਨੂੰ ਕੈਨੇਡਾ ਬੁਲਾਉਣ ਸੰਬੰਧੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ। ਜਿਸ ਤੋਂ ਨਿਰਾਸ਼ ਹੋ ਕੇ ਲਵਪ੍ਰੀਤ ਸਿੰਘ ਨੇ ਆਤਮਹੱਤਿਆ ਕੀਤੀ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖੀ । ਇਸ ਚਿੱਠੀ ਤੋਂ ਬਾਅਦ ਅਤੇ ਕੈਨੇਡਾ ਦੇ ਮੀਡੀਆ ਵੱਲੋਂ ਮੁੱਦਾ ਚੁੱਕੇ ਜਾਣ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਜਸਟਿਨ ਟਰੂਡੋ ਨੇ ਸਪੱਸ਼ਟ ਕਿਹਾ ਹੈ ਕਿ ਰੁਜ਼ਗਾਰ ਲਈ ਕੈਨੇਡਾ ਆਉਣ ਵਾਲਿਆਂ ’ਤੇ ਕੈਨੇਡਾ ਸਰਕਾਰ ਕੋਈ ਪਾਬੰਦੀ ਨਹੀਂ ਲਗਾਏਗੀ ਪਰ ਧੋਖਾਧੜੀ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।