-ਮਾਮਲਾ ਜਥੇਦਾਰ ਜੋਸ਼ੀਲਾ ਦੇ ਸਤਿਕਾਰ ਦਾ
ਬਰਨਾਲਾ,20 ਜੁਲਾਈ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਦੇ ਬੱਸ ਸਟੈਂਡ ਤੋਂ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਮ ਮਿਟਾਉਣ ਦਾ ਮੁੱਦਾ ਭਖਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਨੇ ਉਕਤ ਮੁੱਦੇ ਸੰਬੰਧੀ ਕੁੰਭਕਰਨੀ ਨੀਂਦ ’ਚੋਂ ਬਾਹਰ ਨਿੱਕਲ ਕੇ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਸਤਿਕਾਰ ਬਹਾਲ ਕਰਵਾਉਣ ਸੰਬੰਧੀ ਝੰਡਾ ਚੁੱਕ ਲਿਆ ਹੈ। ਜ਼ਿਲਾ ਪਧਾਨ ਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਬੱਸ ਸਟੈਂਡ ਦੇ ਨਾਮ ਸੰਬੰਧੀ ਜਥੇਦਾਰ ਜੋਸ਼ੀਲਾ ਦਾ ਸਤਿਕਾਰ ਬਹਾਲ ਕਰਨ ਦੀ ਅਪੀਲ ਕੀਤੀ। ਇਹ ਇਤਫ਼ਾਕ ਹੀ ਸੀ ਕਿ ਜਿਸ ਵੇਲੇ ਅਕਾਲੀ ਆਗੂ, ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਉਨਾਂ ਦੇ ਦਫ਼ਤਰ ਪੁੱਜੇ ਤਾਂ ਅੱਗੇ ਡੀਸੀ ਕੋਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਬੈਠੇ ਸਨ। ਅਕਾਲੀ ਆਗੂ ਜਦ ਡੀਸੀ ਨੂੰ ਦੱਸ ਰਹੇ ਸਨ ਕਿ ਉਕਤ ਮਾਮਲਾ ਨਗਰ ਸੁਧਾਰ ਟਰੱਸਟ ਦੀ ਧੱਕੇਸ਼ਾਹੀ ਹੈ ਤਾਂ ਚੇਅਰਮੈਨ ਮੱਖਣ ਸ਼ਰਮਾ ਝੱਟਪੱਟ ਬੋਲੇ ‘‘ਇਹ ਅਸੀਂ ਨਹੀਂ ਕੀਤਾ.. ਇਹ ਅਸੀਂ ਨਹੀਂ ਕੀਤਾ’’। ਅਕਾਲੀ ਆਗੂਆਂ ਨੇ ਮੌਕੇ ਦੀ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਅਤੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਮੱਖਣ ਸ਼ਰਮਾ ਨੂੰ ਡੀਸੀ ਦਫ਼ਤਰ ‘ਚੋਂ ਉਠਾ ਕੇ ਬਾਹਰ ਲਿਆਂਦਾ ਤੇ ਇੱਕ ਹੋਰ ਮੰਗ ਪੱਤਰ ਵੱਖਰੇ ਤੌਰ ’ਤੇ ਚੇਅਰਮੈਨ ਮੱਖਣ ਸ਼ਰਮਾ ਨੂੰ ਦਿੱਤਾ। ਇੱਕ ਕਹਾਵਤ ‘‘ਫਸ ਗਈ ਤਾਂ ਫਟਕਣ ਕੇਹਾ’’ ਦੀ ਕਹਾਵਤ ਅਨੁਸਾਰ ਮੱਖਣ ਸ਼ਰਮਾ ਨੇ ਮੌਕੇ ’ਤੇ ਹੀ ਅਕਾਲੀ ਆਗੂਆਂ ਨੂੰ ਵਿਸ਼ਵਾਸ਼ ਦਿੱਤਾ ਕਿ ਇਹ ‘ਕੰਮ ਜਲਦੀ ਹੀ ਹੋ ਜਾਵੇਗਾ, ਭਾਵ ਬੱਸ ਅੱਡੇ ਤੇ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਮ ਫਿਰ ਲਿਖਿਆ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰੁਪਿੰਦਰ ਸਿੰਘ ਸੰਧੂ, ਪਰਮਜੀਤ ਸਿੰਘ ਢਿੱਲੋ, ਸੰਜੀਵ ਸੋਰੀ, ਰਾਜਿੰਦਰ ਸਿੰਘ ਦਰਾਕਾ, ਜਰਨੈਲ ਸਿੰਘ ਭੋਤਨਾ, ਬਿੱਟੂ ਦੀਵਾਨਾ, ਸੋਨੀ ਜਾਗਲ, ਜਤਿੰਦਰ ਜਿੰਮੀ ਸਮੇਤ ਹੋਰ ਵੀ ਅਕਾਲੀ ਆਗੂ ਹਾਜ਼ਰ ਸਨ।
