ਚੰਡੀਗੜ, 22 ਜੁਲਾਈ (ਜੀ98 ਨਿਊਜ਼) :ਪੰਜਾਬ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ 6ਵੇਂ ਪੇ ਕਮਿਸ਼ਨ ਸੰਬੰਧੀ ਉਨਾਂ ਦੇ ਇਤਰਾਜ਼ ਦੂਰ ਨਾ ਕੀਤੇ ਗਏ ਤਾਂ ਅਣਮਿਥੇ ਸਮੇਂ ਲਈ ਹੜਤਾਲ ਕਰਕੇ ਕੰਮ ਬੰਦ ਕਰ ਦਿੱਤਾ ਜਾਵੇਗਾ। ਸੀਡੀਪੀਓਜ਼ ਡੈਮੋਕਰੇਟਿਕ ਐਸੋਸੀਏਸ਼ਨ ਆਫ਼ ਪੰਜਾਬ ਦੇ ਕੰਵਰ ਸ਼ਕਤੀ ਸਿੰਘ ਬਾਂਗੜ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸਾਂ ਨੂੰ ਮੁੱਢ ਤੋਂ ਖਾਰਿਜ ਕਰਦੇ ਹੋਏ ਮੰਗ ਕੀਤੀ ਕਿ ਪੇ ਲੈਵਲ-17 ਅਨੁਸਾਰ ਨਵੀਂ ਪੇ ਫਿਕਸ ਕੀਤੀ ਜਾਵੇ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ, ਗੁਰਮਿੰਦਰ ਸਿੰਘ, ਸੰਦੀਪ ਸ਼ਰਮਾ, ਰਾਵਿੰਦਰਪਾਲ ਕੌਰ, ਤਨੂਜਾ ਗੋਇਲ,ਰੀਤਿੰਦਰ ਕੌਰ ਧਾਲੀਵਾਲ ਅਤੇ ਮੰਜੂ ਭੰਡਾਰੀ ਨੇ ਕਿਹਾ ਕਿ ਸੀਡੀਪੀਓਜ਼ ਲਈ ਵਿਭਾਗ ਦੇ ਕੰਮਾਂ ਦੀ ਬਹੁਤਾਤ ਹੋ ਰਹੀ ਹੈ ਪਰ ਤਨਖ਼ਾਹ ਘੱਟ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੇ ਕਮਿਸ਼ਨ ਵੱਲੋਂ ਦਿੱਤੇ ਪੇ ਗਰੇਡ ਅਨੁਸਾਰ 13ਵਾਂ ਲੈਵਲ ਬਣਦਾ ਹੈ ਜਿਸ ਨੂੰ ਜਥੇਬੰਦੀ ਮਨਜ਼ੂਰ ਨਹੀਂ ਕਰੇਗੀ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ’ਚ ਸੀਡੀਪੀਓਜ਼ ਦੇ ਪੇ ਗਰੇਡ 5400 ਅਨੁਸਾਰ ਪੇ ਲੈਵਲ 17 ਤਹਿਤ ਕਮਿਸ਼ਨ ਸੋਧੀਆਂ ਹੋਈਆ ਸਿਫਾਰਸਾਂ ਲਾਗੂ ਕਰੇ। ਉਨਾਂ ਕਿਹਾ ਕਿ ਸਰਕਾਰ ਕੰਮ ਦੇ ਹਿਸਾਬ ਨਾਲ ਸੀਡੀਪੀਓਜ਼ ਨਾਲ ਵਧੀਕੀ ਕਰ ਰਹੀ ਹੈ। ਜਿਸ ਕਾਰਨ ਐਸੋਸੀਏਸ਼ਨ ’ਚ ਰੋਸ ਪਾਇਆ ਜਾ ਰਿਹਾ ਹੈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਉਨਾਂ ਦਾ ਪੇ ਲੈਵਲ ਬਦਲ ਕੇ 17 ਵਿੱਚ ਫਿਕਸ ਕੀਤਾ ਜਾਵੇ ਨਹੀਂ ਤਾਂ 26 ਜੁਲਾਈ ਤੋਂ 3 ਦਿਨਾਂ ਦੀ ਕਲਮਛੋੜ ਹੜਤਾਲ ਕੀਤੀ ਜਾਵੇਗੀ, ਜੇਕਰ ਫਿਰ ਵੀ ਸਰਕਾਰ ਨੇ ਸਾਡੀ ਮੰਗ ਵੱਲ ਧਿਆਨ ਨਾਲ ਦਿੱਤਾ ਤਾਂ ਅਣਮਿਥੇ ਸਮੇਂ ਲਈ ਵੀ ਹੜਤਾਲ ਕੀਤੀ ਜਾਵੇਗੀ ਜਿਸ ਦੌਰਾਨ ਕੋਵਿਡ -19 ਸੰਬੰਧੀ ਡਿਊਟੀਆਂ ਅਤੇ ਐਸਐਨਪੀ ਕੰਮਾਂ ਤੋਂ ਇਲਾਵਾ ਹੋਰ ਕੰਮ ਨਹੀਂ ਕੀਤਾ ਜਾਵੇਗਾ।