- ਸਿੱਧੂ ਦੀ ਤਾਜਪੋਸ਼ੀ ਸਮੇਂ ਜਾਖੜ ਦਾ ਜ਼ਬਰਦਸਤ ਭਾਸ਼ਣ
ਚੰਡੀਗੜ, 23 ਜੁਲਾਈ (ਜੀ98 ਨਿਊਜ਼) : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲਣ ਸਮੇਂ ਪੰਜਾਬ ਕਾਂਗਰਸ ਭਵਨ ’ਚ ਰੱਖੇ ਤਾਜਪੋਸ਼ੀ ਸਮਾਗਮ ’ਚ ਸੂਬਾ ਪ੍ਰਧਾਨਗੀ ਦਾ ਅਹੁਦਾ ਛੱਡ ਰਹੇ ਸੁਨੀਲ ਜਾਖ਼ੜ ਦਾ ਵਿਦਾਇਗੀ ਭਾਸ਼ਣ ਇੱਕ ਯਾਦਗਾਰੀ ਇਬਾਰਤ ਬਣ ਗਈ ਜਿਸ ਦਾ ਜ਼ਿਕਰ ਰਾਜਨੀਤਿਕ ਪਲੇਟਫਾਰਮ ’ਤੇ ਅਕਸਰ ਹੁੰਦਾ ਰਹੇਗਾ। ਸ੍ਰੀ ਜਾਖੜ ਨੇ ਆਪਣੇ ਭਾਸ਼ਣ ਵਿੱਚ ਰੱਜ ਕੇ ਭੜਾਸ ਕੱਢਦੇ ਹੋਏ ਆਪਣੀ ਹੀ ਸਰਕਾਰ ਦੇ ਕਈ ਆਗੂਆਂ ਅਤੇ ਮੰਤਰੀਆਂ ਨੂੰ ਚੰਗੇ ਰਗੜੇ ਲਾਏ। ਸ੍ਰੀ ਜਾਖੜ ਨੇ ਸਿੱਧੂ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ‘‘ਹੁਣ ਬੇਅਦਬੀ ਦੋ ਦੋਸ਼ੀ ਅਸਲ ਟਿਕਾਣੇ ’ਤੇ ਹੋਣਗੇ’’। ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਮਿੱਠੀਆਂ ਕੌੜੀਆਂ ਯਾਦਾਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਜਾਖੜ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿੱਠੇ ਨਿਹੋਰੇ ਮਾਰੇ ਉੱਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਇੱਕ ਦੋ ਹੋਰ ਮੰਤਰੀਆਂ ਨੂੰ ਵੀ ਸ਼ਬਦੀ ਰਗੜੇ ਲਾਉਂਦੇ ਹੋਏ ਕਿਹਾ ਕਿ ‘‘ਮੈਥੋਂ ਚਾਬੀਆਂ ਲੈਣ ਵਾਲੇ ਮੈਨੂੰ ਹੀ ਭੁੱਲ ਗਏ’’। ਸ੍ਰੀ ਜਾਖੜ ਨੇ ਕੁਝ ਕਾਂਗਰਸੀ ਆਗੂਆਂ ਤੇ ਮੰਤਰੀਆਂ ਦਾ ਨਾਮ ਲਏ ਬਗੈਰ ਸ਼ਬਦੀ ਮਾਨ ਸਨਮਾਨ ਕਰਦੇ ਹੋਏ ਕਿਹਾ ਕਿ ‘ਕਿਸੇ ਦੀ ਅਮਿਤ ਸ਼ਾਹ ਨਾਲ ਯਾਰੀ ਹੈ ਅਤੇ ਕਿਸੇ ਦੇ ਤਾਰ ‘ਆਪ’ ਨਾਲ ਜੁੜੇ ਹੋਏ ਹਨ ਪਰ ਮੈਂ ਕਾਂਗਰਸੀ ਸੀ ਤੇ ਕਾਂਗਰਸੀ ਹੀ ਰਹਾਂਗਾ’। ਆਪਣੇ ਭਾਸ਼ਣ ਦੌਰਾਨ ਸ੍ਰੀ ਸੁਨੀਲ ਜਾਖੜ ਵੱਲੋਂ ਆਖ਼ੀ ਇਸ ਗੱਲ ਦੇ ਅਰਥ ਮੀਡੀਆ ਕਰਮੀ,ਸਿਆਸੀ ਮਾਹਿਰ ਕਈ ਦਿਨਾਂ ਤੱਕ ਲੱਭਦੇ ਰਹਿਣਗੇ ਕਿ ‘‘ਕਾਂਗਰਸ ਵਿੱਚ ਰੁੱਸਣ-ਮਨਾਉਣ ਦੀ ਰਵਾਇਤ ਚੱਲੀ ਹੋਈ ਹੈ, ਕੋਈ ਰੁੱਸ ਜਾਂਦਾ ਹੈ ਉਸ ਨੂੰ ਫੇਰ ਮਨਾ ਲਿਆ ਜਾਂਦਾ ਹੈ, ਤੇ ਕੋਈ ਫੇਰ ਰੁੱਸ ਜਾਂਦਾ ਹੈ ਤੇ ਮਨਾ ਲਿਆ ਜਾਂਦਾ ਹੈ। ਇਸ ਤਰਾਂ ਰੋਜ਼ ਰੁੱਸਣ ਵਾਲੇ ਕਾਂਗਰਸ ਦੇ ‘ਫੁੱਫੜ’ ਬਣੇ ਹੋਏ ਹਨ’’। ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਫੇਰ ਕਦੇ ਪਤਾ ਨਹੀਂ ਬੋਲਣ ਦਾ ਮੌਕਾ ਮਿਲੇਗਾ ਜਾਂ ਨਹੀਂ ਇਸ ਲਈ ਉਨਾਂ ਨੇ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਮਿਲੇ ਸਨਮਾਨ ਅਤੇ ਅਸਹਿਯੋਗ ਸੰਬੰਧੀ ਸੰਖੇਪ ਵਿੱਚ ਸਾਰੀ ਵਾਰਤਾ ਕੁਝ ਅਜਿਹੇ ਸ਼ਬਦਾਂ ਅਤੇ ਅੰਦਾਜ਼ ਵਿੱਚ ਸਾਂਝੀ ਕੀਤੀ ਜੋ ਕਿਸੇ ਨੂੰ ‘‘ਮਾਂਹ ਵਾਦੀ ਤੇ ਕਿਸੇ ਨੂੰ ਸਵਾਦੀ’’ ਦੀ ਕਹਾਵਤ ਅਨੁਸਾਰ ਲੱਗਣਗੇ। ਉਨਾਂ ਬੇਅਦਬੀ ਕਾਂਡ ਸੰਬੰਧੀ ਬਹੁਤ ਹੀ ਭਾਵਪੂਰਤ ਟਿੱਪਣੀ ਕਰਦੇ ਹੋਏ ਕਿਹਾ ਕਿ ਦੇਸ਼ ਅਤੇ ਪੰਜਾਬ ਵਿੱਚ ਕਾਂਗਰਸ ਮੁੜ ਸੁਰਜੀਤ ਹੋਵੇਗੀ ਪਰ ਸਾਡੇ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦਿੱਲੀ ਅਤੇ ਪੰਜਾਬ ਦੇ ਤਖ਼ਤ ਵੱਲ ਜਾਂਦਾ ਰਾਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਦੀ ਹੋ ਕੇ ਗੁਜਰੇਗਾ।