ਮਹਿਲ ਕਲਾਂ, 14 ਜੁਲਾਈ ( ਜਸਵੰਤ ਸਿੰਘ ਲਾਲੀ ) :ਪੰਜਾਬ ਦੇ ਸਕੂਲਾਂ ਵਿੱਚ ਸਕੂਲ ਮੁਖੀਆਂ ਨੂੰ ਗੈਰ-ਵਿਦਿਅਕ ਕੰਮਾਂ ਦਾ ਤੋਂ ਭਾਰ ਮੁਕਤ ਕੀਤੇ ਜਾਣ ਦੀ ਆੜ ਅਧੀਨ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 150 ਕੈੰਪਸ ਮੈਨੇਜਰ ਭਰਤੀ ਕੀਤੇ ਜਾਣ ਸੰਬੰਧੀ ਜਾਰੀ ਕੀਤੇ ਇਸ਼ਤਿਹਾਰ ਉੱਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸਖ਼ਤ ਇਤਰਾਜ਼ ਪ੍ਰਗਾਟਾਇਆ ਗਿਆ ਹੈ। ਇਸ ਮੌਕ ਫੈਡਰੇਸ਼ਨ ਦੇ ਇਕਾਈ ਬਰਨਾਲਾ ਦੇ ਜਨਰਲ ਸਕੱਤਰ ਬਲਜਿੰਦਰ ਪ੍ਰਭੂ, ਨਿਰਮਲ ਚੁਹਾਣਕੇ ਤੇ ਲਖਵੀਰ ਠੁੱਲੀਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਨਾਨ ਟੀਚਿੰਗ ਦੀਆਂ ਅਸਾਮੀਆਂ ਉੱਤੇ ਪੱਕੀ ਭਰਤੀ ਕਰਨ ਦੀ ਬਜਾਏ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੋਸਕੋ) ਰਾਹੀਂ ਕੇੰਦਰ ਸਰਕਾਰ, ਰਾਜ ਸਰਕਾਰ ਜਾਂ ਸਥਾਨਕ ਸਰਕਾਰਾਂ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਆਊਟਸੋਰਸ ਨੀਤੀ ਤਹਿਤ ਭਰਤੀ ਕਰਕੇ ਡੰਗ ਟਪਾਈ ਕਰ ਰਹੀ ਹੈ। ਇਸ ਮੌਕੇ ਓਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਅਤੇ ਕੱਚੇ ਤੇ ਆਊਟਸੋਰਸ ਦੀ ਨੀਤੀ ਨੂੰ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਦੱਸਦੀ ਸੀ ਅੱਜ ਉਸ ਪਾਰਟੀ ਦੀ ਸਰਕਾਰ ਨੇ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋਂ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਆਊਟਸੋਰਸ ਭਰਤੀ ਦੀ ਨੀਤੀ ਨੂੰ ਹੀ ਜਾਰੀ ਰੱਖ ਕੇ ਹੋਰ ਨਵੇਂ ਕੰਡੇ ਬੀਜੇ ਜਾ ਰਹੇ ਹਨ।ਓਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਸਮੁੱਚੇ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਸਮੇਤ ਹਰ ਅਦਾਰੇ ਵਿੱਚ ਲੋੜੀਂਦੇ ਸਟਾਫ਼ ਦੀ ਰੈਗੂਲਰ ਆਧਾਰ ਤੇ ਭਰਤੀ ਕਰਕੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਅਤੇ ਹਰ ਪ੍ਰਕਾਰ ਦੇ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕੀਤਾ ਜਾਵੇ।ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾਲਵਿੰਦਰ ਸਿੰਘ,ਰਘਬੀਰ ਕਰਮਗੜ੍ਹ,ਸੁਖਪ੍ਰੀਤ ਬੜੀ,ਜਗਰੂਪ ਸਿੰਘ,ਰਜਿੰਦਰ ਸਿੰਗਲਾ,ਮਨਜੋਤ ਸਿੰਘ,ਹਰਪਾਲ ਸਿੰਘ,ਰਮਨਦੀਪ ਸਿੰਘ,ਜਸਵੀਰ ਸਿੰਘ ਤੇ ਪਲਵਿੰਦਰ ਠੀਕਰੀਵਾਲਾ ਆਦਿ ਹਾਜ਼ਰ ਸਨ ।