ਚੰਡੀਗੜ੍ਹ 24 ਜੁਲਾਈ (ਜੀ98 ਨਿਊਜ਼) : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਕੋਰੋਨਾ ਨਿਯਮਾਂ ਦੀ ਉਲੰਘਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਅਣਪਛਾਤੇ ਕਾਂਗਰਸੀ ਵਰਕਰਾਂ ’ਤੇ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਸੁੱਕਰਵਾਰ ਪੰਜਾਬ ਕਾਂਗਰਸ ਭਵਨ ਵਿੱਚ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਪੰਜਾਬ ਭਰ ਤੋਂ ਕਾਂਗਰਸੀ ਆਗੂ ਤੇ ਵਰਕਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਨ। ਸਮਾਗਮ ਵਿੱਚ ਸ਼ਾਮਲ ਇਨਾਂ ਆਗੂਆਂ ਤੇ ਵਰਕਰਾਂ ’ਚੋਂ ਬਹੁ ਗਿਣਤੀ ਲੋਕਾਂ ਨੇ ਮਾਸਕ ਨਹੀਂ ਲਗਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਚੰਡੀਗੜ੍ਹ ਵਿੱਚ ਕੋਵਿਡ-19 ਹਦਾਇਤਾਂ ਸਬੰਧੀ ਪ੍ਰਸ਼ਾਸਨ ਵੱਲੋਂ ਨਿਯਮ ਲਾਗੂ ਕੀਤੇ ਹੋਏ ਹਨ, ਇਸ ਲਈ ਚੰਡੀਗੜ੍ਹ ਪੁਲਿਸ ਨੇ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਚੰਡੀਗੜ੍ਹ ਪੁਲਿਸ ਦੀ ਇਸ ਹਾਸੋਹੀਣੀ ਕਾਰਵਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਸਮਾਗਮ ਵਿੱਚ ਪੰਜਾਬ ਕਾਂਗਰਸ ਦੇ ਜਾਣੇ ਪਹਿਚਾਣੇ ਆਗੂ ਅਤੇ ਵਰਕਰ ਸ਼ਾਮਲ ਸਨ, ਜਿਨਾਂ ਨੇ ਸਮਾਗਮ ਦੌਰਾਨ ਸ਼ਰੇਆਮ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ, ਸਿਰਫ਼ ਪੰਡਾਲ ਹੀ ਨਹੀਂ ਬਲਕਿ ਮੰਚ ’ਤੇ ਵੀ ਸੀਨੀਅਰ ਆਗੂਆਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਸਦੇ ਬਾਵਜੂਦ ਵੀ ਚੰਡੀਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਦੀ ਇਹ ਕਾਰਵਾਈ ‘ਗੋਂਗਲੂਆਂ ਤੋਂ ਮਿੱਟੀ’ ਲਾਹੁਣ ਦੇ ਬਰਾਬਰ ਹੀ ਮੰਨੀ ਜਾ ਰਹੀ ਹੈ।
