ਮਹਿਲ ਕਲਾਂ, 25 ਜੁਲਾਈ (ਚਰਨਜੀਤ ਸ਼ਰਮਾ) ਪਿੰਡ ਮੂੰਮ ਵਿਖੇ ਡਰੇਨ ਦੇ ਉਸਾਰੀ ਅਧੀਨ ਪੁਲ, ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕ ਨਿਰਮਾਣ ਕਾਰਜ ਵਿੱਚ ਦੇਰੀ ਕਾਰਨ ਰੋਜ਼ ਵਾਪਰ ਰਹੇ ਹਾਦਸੇ ਲੋਕਾਂ ਲਈ ਬੇਲੋੜੀਆਂ ਮੁਸੀਬਤਾਂ ਖ਼ੜੀਆਂ ਕਰ ਰਹੇ ਹਨ ਅਤੇ ਠੇਕੇਦਾਰ ਵੱਲੋਂ ਆਰਜੀ ਲਾਂਘਾ ਨਾ ਬਣਾਉਣ ਵਿਰੁੱਧ ਪਿੰਡ ਮੂੰਮ, ਸੱਦੋਵਾਲ ਤੇ ਗਾਗੇਵਾਲ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸਬੰਧਿਤ ਠੇਕੇਦਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਗੱਲਬਾਤ ਕਰਦਿਆਂ ਬੀਕੇਯੂ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ “ਹੋਪ ਫਾਰ ਮਹਿਲ ਕਲ’’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਿਰਮਾਣ ਅਧੀਨ ਪੁਲ ਦੀ ਉਸਾਰੀ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਸਬੰਧਤ ਠੇਕੇਦਾਰ ਵੱਲੋਂ ਆਰਜ਼ੀ ਲਾਂਘਾ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਕਈ ਰਾਹਗੀਰ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਹੀ ਢੰਗ ਨਾਲ ਲਾਂਘਾ ਉਪਲੱਬਧ ਨਾ ਕਰਵਾਉਣ ਕਰਕੇ ਪਿੰਡ ਮੂੰਮ ਦੇ ਕਿਸਾਨਾਂ ਨੂੰ ਪੁਲ ਤੋਂ ਪਾਰ ਵਾਲੇ ਪਾਸੇ ਆਪਣੇ ਖੇਤਾਂ ਵਿੱਚ ਜਾਣ ਲਈ ਦੱਸ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਸ ਪੁਲ ਬਾਰੇ ਉਨਾਂ ਵੱਲੋਂ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ,ਜਿਨਾਂ ਵੱਲੋਂ ਅਧੂਰੇ ਪਏ ਕੰਮ ਨੂੰ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਮੌਕੇ ਆਸ-ਪਾਸ ਪਿੰਡਾਂ ਦੇ ਲੋਕ ਵੀ ਹਾਜ਼ਰ ਸਨ।