ਬਰਨਾਲਾ, 26 ਜੁਲਾਈ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਵਿਖੇ ਬਣਨ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਇਮਾਰਤ ਦਾ ਕੰਮ ਸ਼ੁਰੂ ਕਰਨ ਵਿੱਚ ਥੋੜ੍ਹਾ ਜਿਹਾ ਅੜਿੱਕਾ ਹੈ, ਜਿਸ ਨੂੰ ਦੂਰ ਕਰਕੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ’ਚ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਉਕਤ ਹਸਪਤਾਲ ਦੇ ਨਿਰਮਾਣ ਕਾਰਜ ਵਿੱਚ ਦੇਰੀ ਹੋਣ ਦੀ ਗੱਲ ਮੰਨਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹਸਪਤਾਲ ਦੇ ਨਿਰਮਾਣ ਸੰਬੰਧੀ 40 ਕਰੋੜ ਰੁਪਏ ਦੀ ਗਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਕਿਸੇ ਕਾਨੂੰਨੀ ਅੜਿੱਕੇ ਕਾਰਨ ਹਸਪਤਾਲ ਦਾ ਨਿਰਮਾਣ ਸ਼ੁਰੂ ਹੋਣ ਵਿੱਚ ਦੇਰੀ ਹੋ ਰਹੀ ਹੈ। ਸਿਵਲ ਹਸਪਤਾਲ ਬਰਨਾਲਾ ਲਈ ਆਏ ਵੈਟੀਲੈਂਟਰ ਵਾਪਸ ਮੰਗਵਾਉਣ ਦੇ ਸਵਾਲ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਕੁਝ ਵੈਟੀਲੈਂਟਰ ਪਟਿਆਲੇ ਅਤੇ ਕੁਝ ਫਰੀਦਕੋਟ ਭੇਜੇ ਗਏ ਹਨ, ਹੁਣ ਬਰਨਾਲਾ ਵਿਖੇ ਨਵਾਂ ਹਸਪਤਾਲ ਬਣੇਗਾ ਜਿੱਥੇ ਵੈਟੀਲੈਂਟਰਾਂ ਸਮੇਤ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ। ਸਿਹਤ ਮੰਤਰੀ ਨੇ ਹਸਪਤਾਲ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਕਾਮਿਆਂ ਦੀਆਂ ਖਾਲੀ ਅਸਾਮੀਆਂ ਸਮੇਤ ਜੱਚਾ-ਬੱਚਾ ਹਸਪਤਾਲ ਵਿੱਚ ਬੱਚਿਆਂ ਦੇ ਡਾਕਟਰ ਦੀ ਖਾਲੀ ਅਸਾਮੀ ਜਲਦੀ ਭਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਹਾਜ਼ਰ ਸਨ।