ਬਰਨਾਲਾ, 26 ਜੁਲਾਈ (ਨਿਰਮਲ ਸਿੰੰਘ ਪੰਡੋਰੀ) : ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਆਮਦ ਸਬੰਧੀ ਸਥਿਤੀ ਪੂਰੀ ਤਣਾਅਪੂਰਨ ਬਣੀ ਰਹੀ। ਸਿਹਤ ਮੰਤਰੀ ਸ੍ਰੀ ਸਿੱਧੂ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕਰਨ ਲਈ ਇੱਥੇ ਪੁੱਜੇ ਸਨ। ਸੂਤਰਾਂ ਅਨੁਸਾਰ ਮੀਟਿੰਗ ਦੇ ਅੰਦਰ ਵੀ ਮੰਤਰੀ ਜੀ ਨੂੰ ਕੁਝ ਮਹੀਨੇ ਪਹਿਲਾਂ ਸਿਵਲ ਹਸਪਤਾਲ ਦੇ ਪੰਘੂੜੇ ਵਿਚ ਆਈ ਇਕ ਨਵਜੰਮੀ ਬੱਚੀ ਦੀ ਮੌਤ ਹੋ ਜਾਣ ਅਤੇ ਕੁਝ ਹੋਰ ਤਿੱਖੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ। ਜਿਨਾਂ ਸਮਾਂ ਮੰਤਰੀ ਜੀ ਮੀਟਿੰਗ ਕਰਦੇ ਰਹੇ, ਉਨਾਂ ਸਮਾਂ ਮੀਟਿੰਗ ਹਾਲ ਦੇ ਬਾਹਰ ਪੁਲਿਸ ਇਕ ਲੱਤ ’ਤੇ ਖੜੀ ਰਹੀ ਕਿਉਂਕਿ ਬੇਰੁਜ਼ਗਾਰ ਅਧਿਆਪਕਾਂ ਸਮੇਤ ਕਈ ਵਿਭਾਗਾਂ ਦੇ ਕਰਮਚਾਰੀ ਸਿਹਤ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਉਣ ਲਈ ਕੰਪਲੈਕਸ ਅੰਦਰ ਪੁੱਜੇ ਹੋਏ ਸਨ। ਪੁਲਿਸ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਦਰ ਕੁਝ ਵਿਭਾਗਾਂ ਦੇ ਮੁਲਾਜਮਾਂ ਅਤੇ ਬੇਰੁਜ਼ਗਾਰਾਂ ਨੂੰ ਮਜਦੂਰਾਂ ਦੇ ਭੇਸ ਵਿੱਚ ਘੁੰਮਦੇ ਵੇਖਿਆ ਤਾਂ ਪੁਲਿਸ ਨੇ ਸੁਰੱਖਿਆ ਘੇਰਾ ਹੋਰ ਵੀ ਸਖ਼ਤ ਕਰ ਦਿੱਤਾ ਪਰ ਜਿਉਂ ਹੀ ਗੁਪਤਚਰਾਂ ਤੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਪ੍ਰਦਰਸ਼ਨਕਾਰੀ ਸਿਹਤ ਮੰਤਰੀ ਦੀ ਗੱਡੀ ਅੱਗੇ ਲੰਮੇ ਪੈਣ ਦੀ ਵਿਉਂਤ ਵੀ ਬਣਾਈ ਬੈਠੇ ਹਨ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਚੇਨ ਬਣਾ ਕੇ ਬੇਰੁਜ਼ਗਾਰਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਤੇ ਮੰਤਰੀ ਦੀ ਗੱਡੀ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ।

ਕੁਝ ਵਿਭਾਗਾਂ ਦੇ ਮੁਲਾਜਮਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਤੇ ਧਰਨਾ ਲਗਾ ਦਿੱਤਾ, ਸਿੱਟੇ ਵਜੋਂ ਪੁਲਿਸ ਨੂੰ ਉਹ ਗੇਟ ਬੰਦ ਕਰਨਾ ਪਿਆ ਅਤੇ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਬਾਹਰ ਲਿਜਾਣ ਲਈ ਬਦਲਵੇਂ ਰਸਤੇ ਦੀ ਵਰਤੋਂ ਕਰਨੀ ਪਈ। ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦੀ ਆਮਦ ’ਤੇ ਜਿਸ ਤਰਾਂ ਦੇ ਹਾਲਾਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਦਰ ਅੱਜ ਬਣੇ ਹੋਏ ਸਨ ਉਨਾਂ ਤੋਂ ਸਪੱਸ਼ਟ ਲੱਗਦਾ ਹੈ ਕਿ ਜੇਕਰ ਸਰਕਾਰੀ ਮੁਲਾਜਮਾਂ ਦੀਆਂ ਮੰਗਾਂ ਸਮੇਤ ਬੇਰੁਜਗਾਰਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਸਰਕਾਰ ਦੇ ਮੰਤਰੀਆਂ ,ਵਿਧਾਇਕਾਂ ਅਤੇ ਸੱਤਾਧਾਰੀ ਆਗੂਆਂ ਨੂੰ ਲੋਕਾਂ ਵਿੱਚ ਵਿਚਰਨ ਸਮੇਂ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
