ਬਰਨਾਲਾ, 7 ਅਗਸਤ ( ਨਿਰਮਲ ਸਿੰਘ ਪੰਡੋਰੀ )-ਅਕਸਰ ਅਜਿਹਾ ਹੁੰਦਾ ਹੈ ਕਿ ਜਿਸ ਦਿਨ ਕਿਸੇ ਸਰਕਾਰੀ ਕਰਮਚਾਰੀ ਨੇ ਸੇਵਾਮੁਕਤ ਹੋਣਾ ਹੋਵੇ ਉਸ ਦਿਨ ਉਸ ਦੇ ਸਾਥੀ ਕਰਮਚਾਰੀਆਂ ਵੱਲੋਂ ਸੇਵਾ ਮੁਕਤੀ ਦੀ ਇੱਕ ਸ਼ਾਨਦਾਰ ਪਾਰਟੀ ਸਬੰਧਿਤ ਕਰਮਚਾਰੀ ਨੂੰ ਦਿੱਤੀ ਜਾਂਦੀ ਹੈ ਅਤੇ ਸ਼ਾਨਦਾਰ ਤੋਹਫ਼ੇ ਵੀ ਦਿੱਤੇ ਜਾਂਦੇ ਹਨ ਪ੍ਰੰਤੂ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੀ (31 ਜੁਲਾਈ 2023) ਨੂੰ ਜਿਸ ਤਰੀਕੇ ਨਾਲ ਸੇਵਾਮੁਕਤੀ ਹੋਈ ਉਹ ਉਹਨਾਂ ਲਈ ਵੀ ਸਾਰੀ ਉਮਰ ਰੜਕਦੀ ਰਹੇਗੀ ਅਤੇ ਲੋਕਾਂ ਵਿੱਚ ਵੀ ਇਸ ਸੇਵਾਮੁਕਤੀ ਦੀ ਖ਼ੂਬ ਚਰਚਾ ਹੋ ਰਹੀ ਹੈ। ਦਰਅਸਲ,ਸਰਬਜੀਤ ਸਿੰਘ ਤੂਰ ਨੇ ਸਟੇਟ ਐਵਾਰਡੀ ਹੋਣ ਦੇ ਨਾਤੇ ਆਪਣੇ ਸੇਵਾਕਾਲ ਵਿਚ ਇਕ ਸਾਲ ਦਾ ਵਾਧਾ ਮੰਗਿਆ ਸੀ ਪ੍ਰੰਤੂ ਸਿੱਖਿਆ ਵਿਭਾਗ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰਦੇ ਹੋਏ ਉਹਨਾਂ ਦੇ ਸੇਵਾਕਾਲ ਵਿਚ ਵਾਧਾ ਨਹੀਂ ਕੀਤਾ । ਸੇਵਾਮੁਕਤੀ ਵਾਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਕੁਰਸੀ ‘ਤੇ ਬਿਰਾਜਮਾਨ ਸ. ਤੂਰ ਸੇਵਾਕਾਲ ‘ਚ ਵਾਧੇ ਦੀ ਖ਼ੁਸ਼ਖ਼ਬਰੀ ਉਡੀਕਦੇ ਰਹੇ ਪ੍ਰੰਤੂ ਸਿੱਖਿਆ ਵਿਭਾਗ ਨੇ ਉਹਨਾਂ ਨੂੰ ਐਨ ਮੌਕੇ ‘ਤੇ ਦੋਸ਼ ਪੱਤਰ ਦੇ ਦਿੱਤਾ । ਸਰਬਜੀਤ ਸਿੰਘ ਤੂਰ ਦੀ ਸੇਵਾਕਾਲ ‘ਚ ਵਾਧੇ ਵਾਲੀ ਅਰਜ਼ੀ ਰੱਦ ਕਰਦੇ ਹੋਏ ਸਿੱਖਿਆ ਵਿਭਾਗ ਨੇ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ “ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਆਪਣੀ ਡਿਊਟੀ ਠੀਕ ਤਰੀਕੇ ਨਾਲ ਨਾ ਨਿਭਾਕੇ ਤੁਸੀਂ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੀ ਧਾਰਾ 8 ਦੇ ਨਿਯਮ 5 ਅਧੀਨ ਸਜ਼ਾ ਦੇ ਭਾਗੀਦਾਰ ਬਣੇ ਹੋ, ਅਜਿਹਾ ਕਰਕੇ ਆਪਣੇ ਗੈਰਜ਼ਿੰਮੇਵਾਰ ਅਧਿਕਾਰੀ ਹੋਣ ਦਾ ਸਬੂਤ ਦਿੱਤਾ ਹੈ। ਸ.ਤੂਰ ਨੇ ਮੰਗਿਆ ਤਾਂ ਸੇਵਾਕਾਲ ਵਿੱਚ ਵਾਧਾ ਸੀ ਪਰ ਵਿਭਾਗ ਨੇ ਉਨ੍ਹਾਂ ਨੂੰ ਦੋਸ਼ਾਂ ਦੇ ਕਟਿਹਰੇ ਵਿੱਚ ਖੜ੍ਹਾ ਕਰਕੇ ਸੇਵਾਮੁਕਤ ਕਰ ਦਿੱਤਾ ਭਾਵ “ਰਹਿ ਗਈ ਲੂਲ੍ਹ ਕਰਾਈ.. ਮੁੰਡੇ ਨੂੰ ਲੈਗੀ ਇੱਲ ਚੁੱਕ ਕੇ” । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਸਰਬਜੀਤ ਸਿੰਘ ਤੂਰ ਉੱਪਰ ਉਕਤ ਦੋਸ਼ 31 ਜੁਲਾਈ 2023 ਨੂੰ ਸੇਵਾਮੁਕਤੀ ਵਾਲੇ ਦਿਨ ਹੀ ਲਗਾਏ ਹਨ। ਜਿਸ ਕਰਕੇ ਸਵਾਲ ਇਹ ਵੀ ਉੱਠਦੇ ਹਨ ਕਿ ਆਖਰ ਸਿੱਖਿਆ ਵਿਭਾਗ ਨੇ ਸੇਵਾ ਮੁਕਤੀ ਵਾਲੇ ਦਿਨ ਹੀ ਉਕਤ ਦੋਸ਼ ਕਿਉਂ ਲਗਾਏ ? ਕੀ ਕਿਸੇ ਸਿਆਸੀ ਦਬਾਅ ਤਹਿਤ ਸਿੱਖਿਆ ਵਿਭਾਗ ਨੇ ਪਹਿਲਾਂ ਚੁੱਪ ਵੱਟੀ ਰੱਖੀ ? ਭਰੋਸੇਯੋਗ ਸੂਤਰਾਂ ਅਨੁਸਾਰ ਉਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਖਿਲਾਫ਼ ਸਿੱਖਿਆ ਵਿਭਾਗ ਕੋਲ ਅੱਧੀ ਦਰਜਨ ਤੋਂ ਵਧੇਰੇ ਸ਼ਿਕਾਇਤਾਂ ਪੁੱਜੀਆਂ ਹੋਈਆਂ ਹਨ । ਚਰਚਾ ਇਹ ਵੀ ਹੈ ਕਿ ਉਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਤੋਂ ਮੌਜੂਦਾ ਸੱਤਾਧਾਰੀ ਪਾਰਟੀ ਦੇ ਇੱਕ ਬਹੁਤ ਹੀ ਤਾਕਤਵਰ ਆਗੂ ਨਾਲ ਆਪਣੀ ਨੇੜ੍ਹਤਾ ਦਾ ਲਾਹਾ ਵੀ ਲੈਂਦਾ ਰਿਹਾ ਹੈ। ਸਵਾਲਾਂ ਦੇ ਘੇਰੇ ਵਿੱਚ ਆਏ ਇੱਕ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਦੀ ਸੱਤਾਧਾਰੀ ਪਾਰਟੀ ਦੇ ਇੱਕ ਤਾਕਤਵਰ ਆਗੂ ਨਾਲ ਨੇੜਤਾ “ਆਪ ਸਰਕਾਰ” ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਵੀ ਫਿੱਕਾ ਪਾ ਰਹੀ ਹੈ ।
