ਮਹਿਲ ਕਲਾਂ, 27 ਜੁਲਾਈ (ਚਰਨਜਤ ਸ਼ਰਮਾ) :
ਪਿੰਡ ਵਜੀਦਕੇ ਕਲਾਂ ਵਿਖੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਚੱਲ ਰਹੇ ਸਿੱਧੂ ਢਾਬੇ ਤੋਂ ਇੱਕ ਡਰਾਈਵਰ ਪਾਸੋਂ ਕੁਝ ਵਿਆਕਤੀਆਂ ਵੱਲੋਂ ਫਿਲਮੀ ਅੰਦਾਜ ’ਚ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰੀ ਗਰਗ ਪੁੱਤਰ ਕੇਵਲ ਕਿ੍ਰਸਨ ਵਾਸੀ ਬੰਠਿਡਾ ਨੇ ਦੱਸਿਆ ਕਿ ਉਸ ਕੋਲ ਇਨੋਵਾ ਗੱਡੀ ਹੈ ਜਿਸ ਨੂੰ ਉਹ ਕਿਰਾਏ ਤੇ ਚਲਾਉਣ ਦਾ ਕੰਮ ਕਰਦਾ ਹੈ। ਅੱਜ ਬਠਿੰਡਾ ਤੋਂ ਦੋ ਔਰਤਾਂ ਨੇ ਉਸਦੀ ਇਨੋਵਾ ਗੱਡੀ 3500 ਰੁਪੈ ’ਚ ਲੁਧਿਆਣਾ ਜਾਣ ਲਈ ਕਿਰਾਏ ਤੇ ਕੀਤੀ। ਜਦੋਂ ਉਹ ਦੋਵੇਂ ਔਰਤਾਂ ਨੂੰ ਗੱਡੀ ’ਚ ਬਠਿੰਡਾ ਤੋਂ ਲੁਧਿਆਣਾ ਲਿਜਾ ਰਿਹਾ ਸੀ ਤਾਂ ਦੁਪਹਿਰ ਬਾਅਦ 3 ਵਜੇ ਦੇ ਕਰੀਬ ਜਦੋਂ ਉਹ ਪਿੰਡ ਵਜੀਦਕੇ ਕਲਾਂ ਪੁੱਜਿਆ ਤਾਂ ਉਨਾਂ ਔਰਤਾਂ ਨੇ ਉਸ ਨੂੰ ਢਾਬੇ ਤੇ ਚਾਹ ਪੀਣ ਲਈ ਰੋਕਿਆ। ਜਦੋਂ ਉਹ ਢਾਬੇ ਤੇ ਗੱਡੀ ਰੋਕ ਕੇ ਹੇਠਾ ਉਤਰਿਆ ਕਿ 6-7 ਵਿਆਕਤੀ ਢਾਬੇ ਤੇ ਆਏ ਤੇ ਉਨਾਂ ਨੇ ਉਸ ਕੋਲੋ ਗੱਡੀ ਦੀਆਂ ਚਾਬੀਆਂ ਖੋਹ ਲਈਆਂ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਹ ਕਹਿਣ ਲੱਗੇ ਅਸੀ ਬੈਂਕ ਵਾਲੇ ਹਾਂ ਤੂੰ ਗੱਡੀ ਦੀਆਂ ਕਿਸਤਾਂ ਨਹੀ ਭਰੀਆਂ,ਜਿਸ ਕਰਕੇ ਅਸੀ ਗੱਡੀ ਲਿਜਾ ਰਹੇ ਹਾ। ਜਦੋਂ ਉਹ ਗੱਡੀ ਦੀਆਂ ਕਿਸਤਾ ਸਬੰਧੀ ਬੈਂਕ ਮੈਨੇਜਰ ਨਾਲ ਗੱਲ ਕਰਨ ਲੱਗਿਆਂ ਤਾਂ ਉਕਤ ਨੌਜਵਾਨ ਔਰਤਾਂ ਸਮੇਤ ਗੱਡੀ ਲੈ ਬਰਨਾਲਾ ਸਾਇਡ ਲੈ ਕੇ ਫਰਾਰ ਹੋ ਗਏ। ਪੀੜਤ ਡਰਾਇਵਰ ਨੇ ਦੱਸਿਆ ਕਿ ਉਸ ਦੀ ਗੱਡੀ ’ਚ 8 ਹਜਾਰ ਰੁਪੈ ਦੀ ਨਕਦੀ ਤੇ ਹੋਰ ਜਰੂਰੀ ਕਾਗਜ ਪੱਤਰ ਸਨ। ਉਨਾਂ ਮੰਗ ਕੀਤੀ ਕਿ ਉਸਦੀ ਗੱਡੀ ਦੀ ਭਾਲਟੋਲ ਕੀਤੀ ਜਾਵੇ। ਇਸ ਘਟਨਾ ਦੀ ਸੂਚਨਾਂ ਮਿਲਦਿਆਂ ਹੀ ਡੀ.ਐਸ.ਪੀ ਮਹਿਲ ਕਲਾਂ ਕੁਲਦੀਪ ਸਿੰਘ ਤੇ ਐਸ.ਐਚ.ਓ ਠੁੱਲੀਵਾਲ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ। ਉਨਾਂ ਘਟਨਾ ਸਥਾਨ ਦਾ ਜਾਇਜਾ ਲਿਆ ਡਰਾਈਵਰ ਤੋਂ ਪੁੱਛਗਿੱਛ ਕੀਤੀ। ਇਸ ਸਬੰਧੀ ਡੀ.ਐਸ.ਪੀ ਮਹਿਲ ਕਲਾਂ ਕੁਲਦੀਪ ਸਿੰਘ ਤੇ ਐਸ.ਐਚ.ਓ ਠੁੱਲੀਵਾਲ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਢਲੀ ਪੜਤਾਲ ’ਚ ਇਹ ਮਾਮਲਾ ਗੱਡੀਆਂ ਦੀਆਂ ਕਿਸਤਾ ਦਾ ਜਾਪ ਰਿਹਾ ਹੈ। ਪੁਲਿਸ ਵੱਲੋਂ ਡਰਾਈਵਰ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਚੱਲ ਰਹੀ ਹੈ।