ਬਰਨਾਲਾ, 28 ਜੁਲਾਈ (ਨਿਰਮਲ ਸਿੰਘ ਪੰਡੋਰੀ) : ਅੱਤ ਦੀ ਗਰਮੀ, ਹੱਥਾਂ ਵਿੱਚ ਦਰਖ਼ਾਸਤ, ਅੱਖਾਂ ਵਿੱਚ ਤਰਲਾ.. ਤੇ ਉਹ ਪੁਲਿਸ ਅਫ਼ਸਰਾਂ ਦੇ ਅੱਗੇ ਹੱਥ ਜੋੜਦੀ ਰਹੀ ਕਿ ਮੈਨੂੰ ਮੰਤਰੀ ਜੀ ਨਾਲ ਮਿਲਾ ਦੇਵੋ ਪਰ ਕਿਸੇ ਨੇ ਉਹਦੀ ਗੱਲ ਨਾ ਸੁਣੀ। ਫਿਰ ਮੰਤਰੀ ਜੀ ਦੀ ਮੀਟਿੰਗ ਖ਼ਤਮ ਹੋਈ, ਗੱਡੀਆਂ ਹੂਟਰ ਮਾਰਦੀਆਂ ਉਹਦੇ ਕੋਲ ਦੀ ਲੰਘ ਗਈਆਂ, ਉਸ ਨੂੰ ਪੁਲਿਸ ਵਾਲਿਆਂ ਨੇ ਇੱਕ ਪਾਸੇ ਧੱਕ ਦਿੱਤਾ। ਉਸ ਦੀ ਬੇਵਸੀ ਹੰਝੂਆਂ ਦਾ ਸਲਾਬ ਬਣ ਗਈ ਤੇ ਉਹ ਹੱਥ ਵਿੱਚ ਦਰਖ਼ਾਸਤ ਫੜੀ ਰੋਦੀਂ ਰਹੀ ਪਰ ਉਹਦੀ ਆਵਾਜ਼ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ਤੋਂ ਮੱਧਮ ਸੀ। ਇਹ ਵਾਕਿਆਤ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਪਿਛਲੇ ਦਿਨੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਸਮੇਂ ਦਾ ਹੈ। ਉਸ ਨੇ ਰੋਦੀਂ ਕੁਰਲਾਉਦੀਂ ਨੇ ਪੱਤਰਕਾਰਾਂ ਅੱਗੇ ਆਪਣੀ ਵਿਥਿਆ ਦੱਸ ਕੇ ਆਪਣਾ ਮਨ ਹਲਕਾ ਕਰ ਲਿਆ ਤੇ ਉਹ ਚੁੰਨੀ ਦੇ ਲੜ ਨਾਲ ਹੰਝੂ ਪੂੰਝਦੀ ਆਪਣੇ ਘਰ ਵੱਲ ਤੁਰ ਗਈ। ਉਸ ਦੇ ਚਿਹਰੇ ’ਤੇ ਇੱਕ ਉਮੀਦ ਸੀ ਕਿ ਫਿਰ ਕਦੇ ਕੋਈ ਮੰਤਰੀ ਆਵੇਗਾ ਤਾਂ ਸ਼ਾਇਦ ਉਸ ਦਾ ਦੁੱਖੜਾ ਸੁਣ ਲਵੇਗਾ। ਇਹ ਕਹਾਣੀ ਬਰਨਾਲਾ ਦੇ ਗੱਡਾਖਾਨਾ ਚੌਂਕ ਨੇੜੇ ਥਾਣਾ ਸਿਟੀ ਦੇ ਪਿੱਛੇ ਰਹਿੰਦੀ ਔਰਤ ਕਮਲਜੀਤ ਦੀ ਹੈ , ਜਿਸ ਦੇ ਪਤੀ ਸਾਗਰ ਮੱਲ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਦੇ ਦੁੱਖ ਤੋਂ ਬਾਅਦ ਉਸ ਦੇ ਬੇਟੇ ਦੀ ਮੌਤ ਵੀ ਹੋ ਗਈ। ਹੁਣ ਆਪਣੇ ਘਰ ਵਿੱਚ ਉਹ ਇਕੱਲੀ ਔਰਤ ਰਹਿੰਦੀ ਹੈ। ਕਮਲਜੀਤ ਦੇ ਹੱਥਾਂ ਵਿੱਚ ਫੜੀ ਦਰਖ਼ਾਸਤ ਦੀ ਇਬਾਰਤ ਹੈ ਕਿ ‘‘ਉਹ ਸਿਵਲ ਹਸਪਤਾਲ ਬਰਨਾਲਾ ਵਿਖੇ ਬਤੌਰ ਸਫਾਈ ਸੇਵਕ ਕੰਮ ਕਰਦੀ ਸੀ । ਉਸ ਨੇ ਕੋਵਿਡ-19 ਦੇ ਸਮੇਂ ਦੌਰਾਨ ਵੀ ਕੇਅਰ ਸੈਂਟਰ ਸੋਹਲ ਪੱਤੀ ਵਿਖੇ ਵੀ ਡਿਊਟੀ ਕੀਤੀ। ਜਦੋਂ ਕੋਰੋਨਾ ਦੀ ਲਹਿਰ ਕੁਝ ਘੱਟ ਹੋਈ ਤਾਂ ਉਸ ਨੂੰ ਡਿਊਟੀ ਤੋਂ ਕੱਢ ਦਿੱਤਾ ਗਿਆ। ਪਸ਼ਾਸਕੀ ਸਿਤਮਜਰੀਫ਼ੀ ਇਹ ਵੀ ਹੈ ਕਿ ਉਸ ਨੂੰ ਦੋ ਮਹੀਨਿਆਂ ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਆਪਣੀ ਡਿਊਟੀ ’ਤੇ ਦੁਬਾਰਾ ਬਹਾਲ ਕਰਨ ਅਤੇ ਰਹਿੰਦੀ ਦੋ ਮਹੀਨਿਆਂ ਦੀ ਤਨਖ਼ਾਹ ਲੈਣ ਲਈ ਉਹ ਹਰ ਅਫ਼ਸਰ ਦੇ ਦਰਵਾਜ਼ੇ ’ਤੇ ਗਈ ,ਜਦ ਵੀ ਕੋਈ ਮੰਤਰੀ ਬਰਨਾਲੇ ਆਉਦਾ ਹੈ ਤਾਂ ਉਹ ਆਪਣੀ ਫਰਿਆਦ ਲੈ ਕੇ ਜਾਂਦੀ ਹੈ ਪ੍ਰੰਤੂ ਹਰ ਵਾਰੀ ਉਸ ਦੀ ਫਰਿਆਦ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ਥੱਲੇ ਦੱਬੀ ਜਾਂਦੀ ਹੈ ਅਤੇ ਉਹ ਅਗਲੀ ਵਾਰ ਕਿਸੇ ਮੰਤਰੀ ਦੇ ਆਉਣ ਦੀ ਉਮੀਦ ਲੈ ਕੇ ਮੁੜ ਜਾਂਦੀ ਹੈ। ਇਸ ਤਰਾਂ ਕਮਲਜੀਤ ਕਈ ਮਹੀਨਿਆਂ ਤੋ ਸਰਕਾਰੀ ਦਫ਼ਤਰਾਂ ਅਤੇ ਲੀਡਰਾਂ ਅੱਗੇ ਤਰਲੇ ਕੱਢਦੀ ਫਿਰ ਰਹੀ ਹੈ ਪਰ ਅਜੇ ਤੱਕ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।