ਚੰਡੀਗੜ, 29 ਜੁਲਾਈ (ਜੀ98 ਨਿਊਜ਼) : ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਬੇਟੇ ਦੇ ਨਾਮ ’ਤੇ ਚੱਲ ਰਿਹਾ ਕਰੈਸ਼ਰ ਬੰਦ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰੂਨੀ ਹਲਕਿਆਂ ’ਚ ਹਲਚਲ ਸ਼ੁਰੂ ਹੋ ਗਈ ਹੈ। ਸੰਬੰਧਿਤ ਵਿਭਾਗ ਵੱਲੋਂ ਬਰਾੜ ਦੇ ਕਰੈਸ਼ਰ ਨੂੰ ਬੰਦ ਕਰਨ ਦੀ ਕਾਰਵਾਈ ਲਈ ਰੁਟੀਨ ਦੀ ਕਾਰਵਾਈ ਕਿਹਾ ਜਾ ਰਿਹਾ ਹੈ ਪਰ ਦਰਸ਼ਨ ਸਿੰਘ ਬਰਾੜ ਵੱਲੋਂ ਇਸ ਕਾਰਵਾਈ ਨੂੰ ਸਿਆਸੀ ਰੰਜਿਸ਼ ਕਿਹਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਆਪਸੀ ਖਿੱਚੋਤਾਣ ਦਰਮਿਆਨ ਦਰਸ਼ਨ ਸਿੰਘ ਬਰਾੜ ਨੇ ਖੁੱਲ ਕੇ ਨਵਜੋਤ ਸਿੰਘ ਸਿੱਧੂ ਦੀ ਪਿੱਠ ਥਾਪੜੀ ਸੀ। ਸ਼ੋਸਲ ਮੀਡੀਆ ’ਤੇ ਦਰਸ਼ਨ ਸਿੰਘ ਬਰਾੜ ਨੇ ਸਿੱਧੂ ਦੀ ਤਾਰੀਫ਼ ਦੇ ਕਸੀਦੇ ਪੜੇ ਪਰ ਉਨਾਂ ਦੀ ਭਾਸ਼ਾ ਕੈਪਟਨ ਅਮਰਿੰਦਰ ਸਿੰਘ ਖ਼ੇਮੇ ਨੂੰ ਤਿੱਖੇ ਤੀਰਾਂ ਵਾਂਗ ਚੁਭਣ ਵਾਲੀ ਸੀ। ਦਰਸ਼ਨ ਸਿੰਘ ਬਰਾੜ ਦੇ ਬੇਟੇ ਕਮਲਜੀਤ ਬਰਾੜ ਨੇ ਤਾਂ ਸ਼ਰੇਆਮ ਆਖ ਦਿੱਤਾ ਹੈ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਖੜਨ ਦੀ ਸਜ਼ਾ ਮਿਲੀ ਹੈ। ਕਿਉਂਕਿ ਸਾਡੇ ਬਰਾਬਰ ਚੱਲ ਰਹੇ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਦੇ ਕਰੈਸ਼ਰ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਬਰਾੜ ਦੇ ਕਰੈਸ਼ਰ ਉੱਪਰ ਕੀਤੀ ਕਾਰਵਾਈ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਹਾਥੀ ਦੇ ਦੰਦਾਂ ਵਾਂਗ ਬਾਹਰੋਂ ਦੇਖਣ ਨੂੰ ਭਾਵੇਂ ਕੈਪਟਨ ਅਤੇ ਸਿੱਧੂ ਖ਼ੇਮਾ ਕਾਂਗਰਸ ਦੀ ਮਜ਼ਬੂਤੀ ਲਈ ਮਿਲ ਕੇ ਚੱਲਣ ਦੇ ਵੱਡੇ ਦਾਅਵੇ ਕਰ ਰਹੇ ਹਨ ਪਰ ਅੰਦਰੂਨੀ ਤੌਰ ’ਤੇ ਪੰਜਾਬ ਕਾਂਗਰਸ ਅੰਦਰ ‘ਸਭ ਅੱਛਾ’ ਨਹੀਂ ਹੈ। ਦਰਸ਼ਨ ਸਿੰਘ ਬਰਾੜ ਦੇ ਕਾਰੋਬਾਰ ਉੱਪਰ ਸਰਕਾਰੀ ਕੁਹਾੜਾ ਚੱਲਣ ਤੋਂ ਬਾਅਦ ਸਿੱਧੂ ਦੀ ਅਗਵਾਈ ਹੇਠ ਖੜਨ ਵਾਲੇ ਹੋਰ ਵਿਧਾਇਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ ਕਿਉਂਕਿ ਸਿੱਧੂ ਦੇ ਹੱਕ ਵਿੱਚ ਖੜੇ ਬਹੁਤੇ ਵਿਧਾਇਕਾਂ ਦਾ ਰੇਤਾ,ਬਜਰੀ ਅਤੇ ਹੋਰ ਕਈ ਤਰਾਂ ਦੇ ਕਾਰੋਬਾਰਾਂ ਵਿੱਚ ਸਿੱਧੇ/ਅਸਿੱਧੇ ਤੌਰ ’ਤੇ ਸਾਂਝ ਹੈ। ਕਾਂਗਰਸ ਦੇ ਅੰਦਰਲੀ ਚਰਚਾ ਅਨੁਸਾਰ ਦਰਸ਼ਨ ਸਿੰਘ ਬਰਾੜ ਦੇ ਕਾਰੋਬਾਰ ਉੱਪਰ ਕੀਤੀ ਕਾਰਵਾਈ ਨੂੰ ‘ਪਿੱਛੇ ਦੀ ਕੰਨ ਫੜਨ’ ਦੀ ਕਾਰਵਾਈ ਵੀ ਮੰਨਿਆ ਜਾ ਰਿਹਾ ਹੈ।