ਬਰਨਾਲਾ, 29 ਜੁਲਾਈ (ਨਿਰਮਲ ਸਿੰਘ ਪੰਡੋਰੀ) : ਵੈਸੇ ਤਾਂ ਚੋਣਾਂ ਦੇ ਨੇੜੇ ਆ ਕੇ ਵਿਕਾਸ ਕਾਰਜਾਂ ਵਿੱਚ ਇੱਕਦਮ ਤੇਜ਼ੀ ਆ ਜਾਂਦੀ ਹੈ ਪ੍ਰੰਤੂ ਪੰਜਾਬ ’ਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਦੇ ਬਾਵਜੂਦ ਵੀ ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਬਰੇਕਾਂ ਲੱਗੀਆਂ ਹੋਈਆ ਹਨ। ਇਸ ਦਾ ਕਾਰਨ ਹੈ ਕਿ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹੜਤਾਲ ’ਤੇ ਬੈਠੇ ਹਨ। ਇਸ ਹੜਤਾਲ ਕਾਰਨ ਸਰਕਾਰ ਨੂੰ ਵਿਕਾਸ ਕੰਮਾਂ ਦੇ ਟੀਚੇ ਪ੍ਰਾਪਤ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪੰਚਾਇਤ ਵਿਭਾਗ ਦੇ ਸਕੱਤਰ ,ਗ੍ਰਾਮ ਸੇਵਕ, ਸੁਪਰਡੈਂਟ ,ਬੀਡੀਪੀਓ, ਡੀਡੀਪੀਓ, ਏਡੀਸੀ ਵਿਕਾਸ ਅਤੇ ਡਿਪਟੀ ਡਾਇਰੈਕਟਰ ਦੀ ਅਸਾਮੀ ਤੱਕ ਦੇ ਕਰਮਚਾਰੀ/ਅਧਿਕਾਰੀ ਆਪਣੀਆਂ ਮੰਗਾਂ ਪ੍ਰਤੀ ਸਰਕਾਰੀ ਬੇਰੁਖੀ ਕਾਰਨ ਹੜਤਾਲ ’ਤੇ ਬੈਠੇ ਹਨ। ਸਰਕਾਰ ਵੱਲੋਂ ਇਨਾਂ ਅਧਿਕਾਰੀਆਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਹੜਤਾਲੀ ਮੁਲਾਜ਼ਮਾਂ ਦੀ ਐਕਸ਼ਨ ਕਮੇਟੀ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਪੰਚਾਇਤ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਨੇ ਅਜੇ ਤੱਕ ਵੀ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੋਇਆ ਹੈ, ਸਿੱਟੇ ਵਜੋਂ ਵਿਕਾਸ ਕਾਰਜ ਲਟਕੇ ਹੋਏ ਹਨ ਜਿਸ ਦਾ ਅਸਰ ਸੱਤਾਧਾਰੀ ਪਾਰਟੀ ਦੇ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਤਿਆਰੀਆਂ ਉੱਪਰ ਪੈਣਾ ਸੁਭਾਵਿਕ ਹੀ ਹੈ ਕਿਉਂਕਿ ਪਿੰਡਾਂ ਵਿੱਚ ਸਰਕਾਰੀ ਗਰਾਂਟਾਂ ਨਾਲ ਹੋ ਰਹੇ ਵਿਕਾਸ ਕੰਮਾਂ ਦਾ ਸਿਹਰਾ ਸੱਤਾਧਾਰੀ ਆਗੂਆਂ/ਵਿਧਾਇਕਾਂ/ਮੰਤਰੀਆਂ ਨੇ ਲੈਣਾ ਹੁੰਦਾ ਹੈ।