- ਪਰਿਵਾਰ ਨੇ ਲਗਾਈ ਆਰਥਿਕ ਮੱਦਦ ਦੀ ਗੁਹਾਰ
ਬਰਨਾਲਾ,29 ਜੁਲਾਈ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲੇ ਦੇ ਬਲਾਕ ਮਹਿਲ ਕਲਾਂ ਅਧੀਨ ਪੈਦੇ ਪਿੰਡ ਕਲਾਲਮਾਜਰਾ ਦੇ ਇੱਕ ਆਰਥਿਤ ਤੌਰ ’ਤੇ ਕਮਜ਼ੋਰ ਪਰਿਵਾਰ ਉੱਪਰ ਅਚਾਨਕ ਪਈ ਬਿਪਤਾ ਨੇ ਪਰਿਵਾਰ ਦਾ ਆਰਥਿਕ ਢਾਂਚਾ ਪੂਰੀ ਤਰਾਂ ਹਿਲਾ ਕੇ ਰੱਖ ਦਿੱਤਾ। ਪਰਿਵਾਰ ਦੇ ਹਾਲਾਤ ਐਨੇ ਮਾੜੇ ਹੋ ਗਏ ਕਿ ਦੋ ਵਕਤ ਦੀ ਰੋਟੀ ਦਾ ਵੀ ਫਿਕਰ ਖੜਾ ਹੋ ਜਾਂਦਾ ਹੈ। ਪਰਿਵਾਰ ਦਾ ਮੁੱਖੀ ਨੌਜਵਾਨ ਬੂਟਾ ਸਿੰਘ, ਜੋ ਇੱਟਾਂ ਵਾਲੇ ਭੱਠੇ ’ਤੇ ਕੰਮ ਕਰਦਾ ਸੀ, ਦੀ ਇੱਟਾਂ ਨਾਲ ਭਰੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਹੋਏ ਹਾਦਸੇ ’ਚ ਮੂਤਰ ਪ੍ਰਣਾਲੀ ਵਾਲੀ ਨਾੜੀ ਕੱਟੀ ਗਈ। ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੀ ਇੰਦਰੀ ਦਾ ਓਪਰੇਸ਼ਨ ਹੋਵੇਗਾ। ਇਸ ਹਾਦਸੇ ਤੋਂ ਬਾਅਦ ਪਿੰਡ ਦੇ ਕੁਝ ਵਿਅਕਤੀਆਂ ਦੀ ਸਹਾਇਤਾ ਨਾਲ ਬੂਟਾ ਸਿੰਘ ਨੂੰ ਐਨਾ ਕੁ ਇਲਾਜ ਮਿਲਿਆ ਕਿ ਉਹ ਆਪਣੇ ਪਰਿਵਾਰ ਵਿੱਚ ਸਿਰਫ਼ ਜਿੰਦਾ ਲਾਸ਼ ਦੀ ਤਰਾਂ ਬਣਿਆ ਹੋਇਆ ਹੈ। ਬੂਟਾ ਸਿੰਘ ਦੀ ਇਸ ਬਿਮਾਰੀ ਦਾ ਇਲਾਜ ਪੀਜੀਆਈ ਤੋਂ ਕਰਵਾਉਣ ਸੰਬੰਧੀ ਪਰਿਵਾਰ ਨੇ ਕੋਸ਼ਿਸ ਕੀਤੀ ਪਰ ਇਲਾਜ ’ਤੇ ਖ਼ਰਚ ਆਉਣ ਵਾਲੀ ਰਕਮ ਸੁਣ ਕੇ ਦੁਬਾਰਾ ਪੀਜੀਆਈ ਜਾਣ ਦਾ ਹੌਂਸਲਾ ਨਹੀਂ ਪਿਆ। ਡਾਕਟਰਾਂ ਮੁਤਾਬਕ ਬੂਟਾ ਸਿੰਘ ਦੇ ਇਲਾਜ ਉੱਪਰ ਕਰੀਬ 4 ਲੱਖ ਰੁਪਏ ਖ਼ਰਚ ਹੋਵੇਗਾ ਪਰ ਪਰਿਵਾਰ ਕੋਲ ਇਸ ਵੇਲੇ ਪੀਜੀਆਈ ਤੱਕ ਜਾਣ ਦਾ ਕਿਰਾਇਆ ਵੀ ਨਹੀਂ ਹੈ। ਪੈਸੇ ਦੀ ਕਮੀ ਕਾਰਨ ਇਲਾਜ਼ ਖੁਣੋ ਜ਼ਿੰਦਗੀ ਬਦਤਰ ਬਣਦੀ ਜਾ ਰਹੀ ਹੈ। ਬੂਟਾ ਸਿੰਘ ਦੀ ਪਤਨੀ ਅਤੇ ਬੱਚਿਆਂ ਨੇ ਇਲਾਜ ਲਈ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਬੂਟਾ ਸਿੰਘ ਦਾ ਮੋਬਾਇਲ ਨੰਬਰ 77174-33138 ਹੈ।