ਅੰਮਿ੍ਤਸਰ,30 ਜੁਲਾਈ (ਜੀ98 ਨਿਊਜ਼) : ‘ਸਕਾਚ ਲਾਇਬਰੇਰੀ’ ਦਾ ਮਸਲਾ ਸੁਲਾ ਸਫ਼ਾਈ ਨਾਲ ਹੱਲ ਹੋ ਗਿਆ ਹੈ। ਇਸ ਮਾਮਲੇ ਸੰਬੰਧੀ ‘ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ’ ਦੀ ਅੰਮਿ੍ਰਤਸਰ ਇਕਾਈ ਦੇ ਮੈਂਬਰਾਂ ਨੇ ਸਕਾਚ ਲਾਇਬਰੇਰੀ ਦੇ ਮਾਲਕ ਰਣਦੀਪ ਸਿੰਘ ਰਿੰਪਲ ਨਾਲ ਮੁਲਾਕਾਤ ਕਰਕੇ ਸ਼ਰਾਬ ਦੇ ਠੇਕੇ ਦੇ ਰੱਖੇ ਉਕਤ ਨਾਮ ਉੱਪਰ ਇਤਰਾਜ਼ ਪ੍ਰਗਟਾਇਆ ਅਤੇ ਭਾਸ਼ਾ ਪ੍ਰੇਮੀਆਂ, ਸਾਹਿਤ ਪ੍ਰੇਮੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਨਾਮ ਬਦਲਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਅੰਮਿ੍ਰਤਸਰ ਦੀ ਪਵਿੱਤਰ ਧਰਤੀ ’ਤੇ ਸ਼ਰਾਬ ਦੇ ਠੇਕੇਦਾਰ ਰਣਦੀਪ ਸਿੰਘ ਰਿੰਪਲ ਵੱਲੋਂ ਅੰਗਰੇਜ਼ੀ ਸ਼ਰਾਬ ਦੇ ਠੇਕੇ ਦਾ ਨਾਮ ਸਕਾਚ ਲਾਇਬਰੇਰੀ ਰੱਖ ਕੇ ਇੱਕ ਵੱਡਾ ਬੋਰਡ ਵੀ ਲਗਾਇਆ ਸੀ, ਜਿਸ ਸੰਬੰਧੀ ਭਾਸ਼ਾ ਪ੍ਰੇਮੀਆਂ, ਸਾਹਿਤ ਪ੍ਰੇਮੀਆਂ ਨੇ ਰੋਸ ਪ੍ਰਗਟ ਕੀਤਾ ਸੀ ਅਤੇ ਇਹ ਰੋਸ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ’ਚ ਫੈਲਦਾ ਜਾ ਰਿਹਾ ਸੀ। ਠੇਕੇਦਾਰ ਰਣਦੀਪ ਸਿੰਘ ਰਿੰਪਲ ਨੇ ਭਾਸ਼ਾ/ਸਾਹਿਤ ਪ੍ਰੇਮੀਆਂ ਦੀ ਗੱਲ ਮੰਨਦੇ ਹੋਏ ਉਕਤ ਨਾਮ ਬਦਲਣ ਦੀ ਸਹਿਮਤੀ ਦਿੱਤੀ। ਇਸ ਸੰਬੰਧੀ ਰਣਣੀਪ ਸਿੰਘ ਰਿੰਪਲ ਨੇ ਕਿਹਾ ਕਿ ਉਹ ਸਾਹਿਤ ਪ੍ਰੇਮੀਆਂ/ਪੁਸਤਕ ਪ੍ਰੇਮੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਕਾਚ ਲਾਇਬਰੇਰੀ ਦਾ ਨਾਮ ਬਦਲ ਰਹੇ ਹਨ ਪਰ ਉਨਾਂ ਸੁਝਾਅ ਦਿੱਤਾ ਕਿ ਅਧਿਆਪਕ ਵਰਗ ਦੇ ਰੁਤਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਾਬ ਦਾ ‘ਟੀਚਰ ਬਰਾਂਡ’ ਬਦਲਣ ਲਈ ਵੀ ਯਤਨ ਹੋਣੇ ਚਾਹੀਦੇ ਹਨ। ਇਸ ਮੌਕੇ ਪ੍ਰਿੰਸੀਪਲ ਗੁਰਬਿੰਦਰ ਸਿੰਘ ਭੱਟੀ, ਸਤਿੰਦਰ ਸਿੰਘ ਓਠੀ, ਜਸਪਾਲ ਕੌਰ ਅਤੇ ਗੁਰਮਿੰਦਰ ਸਿੰਘ ਬਾਜਵਾ ਹਾਜ਼ਰ ਸਨ।