-ਮਾਮਲਾ ਘੱਗਰ ਦਰਿਆ ਦੀ ਤਬਾਹੀ ਦਾ
ਚੰਡੀਗੜ, 31 ਜੁਲਾਈ (ਜੀ98 ਨਿਊਜ਼) : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਸੰਗਰੂਰ ਜ਼ਿਲੇ ਦੇ ਕੁਝ ਪਿੰਡਾਂ ਵਿੱਚ ਘੱਗਰ ਦਰਿਆ ਹਰ ਵਾਰ ਤਬਾਹੀ ਮਚਾਉਂਦਾ ਹੈ ਜਿਸ ਨਾਲ ਫਸਲਾਂ ਅਤੇ ਘਰਾਂ ਤੋਂ ਇਲਾਵਾ ਪਸ਼ੂਆਂ ਦਾ ਨੁਕਸ਼ਾਨ ਵੀ ਹੋ ਜਾਂਦਾ ਹੈ। ਮੌਕੇ ਦੀ ਸਰਕਾਰ ਦੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਦੇਖਦੇ ਹਨ ਤੇ ਮੁਆਵਜ਼ੇ ਦੇ ਲਾਰੇ ਲਗਾ ਕੇ ਚਲੇ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਘੱਗਰ ਦੇ ਕਿਨਾਰਿਆਂ ਦੀ ਮਜ਼ਬੂਤੀ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਘੱਗਰ ਦੀ ਮਾਰ ਹੇਠ ਆਉਦੇ ਪਿੰਡਾਂ ਦੇ ਵਾਸੀਆਂ ਦਾ ਸ਼ਰੇਆਮ ਦੋਸ਼ ਹੈ ਕਿ ਘੱਗਰ ਦੇ ਕਿਨਾਰਿਆਂ ਦੀ ਮੁਰੰਮਤ ਦੇ ਬਹਾਨੇ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਕਰਮਚਾਰੀਆਂ/ਅਧਿਕਾਰੀਆਂ, ਨੇਤਾਵਾਂ ਨੇ ਕਥਿਤ ਤੌਰ ’ਤੇ ਹੱਥ ਰੰਗੇ ਹਨ। ਇਸ ਵਾਰ ਫੇਰ ਘੱਗਰ ਦਰਿਆ ਦੇ ਪੱਧਰ ਨੇ ਲੋਕਾਂ ਦੀ ਜਾਨ ਕੁੜਿੱਕੀ ਵਿੱਚ ਫਸਾਈ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੌਰਾਨ ਹੀ ਅਧਿਕਾਰੀ ਗੇੜਾ ਮਾਰਦੇ ਹਨ, ਨਹੀਂ ਤਾਂ ਸਾਰਾ ਸਾਲ ਕੋਈ ਨੇਤਾ ਜਾਂ ਅਧਿਕਾਰੀ ਅਗੇਤਰੇ ਠੋਸ ਪ੍ਰਬੰਧ ਕਰਨ ਦੀ ਕੋਸ਼ਿਸ ਨਹੀਂ ਕਰਦਾ ਸਿਰਫ਼ ਕਾਗਜ਼ਾਂ ਵਿੱਚ ਹੀ ਘੱਗਰ ਦੇ ਕਿਨਾਰੇ ਮਜ਼ਬੂਤ ਕਰਕੇ ਅਸਲੀਅਤ ਵਿੱਚ ਕੁਝ ਅਧਿਕਾਰੀਆਂ ਵੱਲੋਂ ਆਪਣੇ ਆਰਥਿਕ ਸਥਿਤੀ ਮਜ਼ਬੂਤ ਕੀਤੀ ਜਾਂਦੀ ਹੈ। ਘੱਗਰ ਦਰਿਆ ਹਰ ਸਾਲ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫ਼ੇਰ ਜਾਂਦਾ ਹੈ ਪਰ ਅਧਿਕਾਰੀ ਸਾਰਾ ਸਾਲ ਸੁਥਰੇ ਵਾਂਗ ਪਤਾਸੇ ਘੋਲ-ਘੋਲ ਕੇ ਪੀਂਦੇ ਰਹਿੰਦੇ ਹਨ।