-ਫੋਟੋਗ੍ਰਾਫ਼ਰਾਂ ਨੇ ਕੀਤੀ ਕਿਸਾਨੀ ਧਰਨਿਆਂ ’ਚ ਸ਼ਮੂਲੀਅਤ
ਬਰਨਾਲਾ, 19 ਅਗਸਤ (ਜੀ98 ਨਿਊਜ਼) : ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ (ਰਜਿ:) ਵੱਲੋਂ ਇਸ ਵਾਰ ‘‘ਵਿਸ਼ਵ ਫੋਟੋਗ੍ਰਾਫ਼ੀ ਦਿਵਸ’’ (19 ਅਗਸਤ) ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ। ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਤੇ ਆਲ ਇੰਡੀਆ ਫੋਟੋਗ੍ਰਾਫ਼ਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਪੀਪੀਏ ਦੀਆਂ ਸਥਾਨਕ ਇਕਾਈਆਂ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਏ ਕਿਸਾਨੀ ਧਰਨਿਆਂ ’ਚ ਸ਼ਮੂਲੀਅਤ ਕੀਤੀ। ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਪਿਛਲੇ 11 ਮਹੀਨਿਆਂ ਤੋਂ ਲੱਗੇ ਧਰਨੇ ਵਿੱਚ ਧਨੌਲਾ,ਰੂੜੇਕੇ,ਤਪਾ,ਭਦੌੜ, ਬਡਬਰ ਤੇ ਬਰਨਾਲਾ ਦੇ ਫੋਟੋਗ੍ਰਾਫ਼ਰਾ ਨੇ ਪੀਪੀਏ ਦੇ ਬੈਨਰ ਹੇਠ ਭਰਵੀਂ ਗਿਣਤੀ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ।

ਇਸ ਮੌਕੇ ਪੀਪੀਏ ਵੱਲੋਂ ਵਿਸ਼ੇਸ਼ ਤੌਰ ’ਤੇ ਬਰਨਾਲਾ ਪੁੱਜੇ ਸੂਬਾ ਜਨਰਲ ਸਕੱਤਰ ਮੰਗਤ ਸਿੰਘ ਕਪੂਰਥਲਾ, ਸੂਬਾ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਲੋਹੀਆਂ ਖਾਸ, ਸਾਊਥ ਜੋਨ ਦੇ ਪ੍ਰਧਾਨ ਜਸਵੀਰ ਰਾਏਸਰ, ਸਾਊਥ ਜ਼ੋਨ ਦੇ ਜੁਆਇੰਟ ਸੈਕਟਰੀ ਨਿਰਮਲ ਸਿੰਘ ਪੰਡੋਰੀ ਅਤੇ ਰਣਜੀਤ ਸਿੰਘ ਮਿੰਟੂ ਅਨਮੋਲ ਬਰਨਾਲਾ ਨੇ ਸੰਬੋਧਨ ਕਰਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ਪ੍ਰਤੀ ਫੋਟੋਗ੍ਰਾਫ਼ਰਾਂ ਦੀ ਪੂਰੀ ਹਮਾਇਤ ਸੰਬੰਧੀ ਵਚਨਬੱਧਤਾ ਪ੍ਰਗਟ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਹਰ ਛੋਟੇ ਤੋਂ ਵੱਡਾ ਕਾਰੋਬਾਰ/ਦੁਕਾਨਦਾਰੀ ਸਿੱਧੇ ਤੌਰ ’ਤੇ ਖੇਤੀ ਨਾਲ ਜੁੜੀ ਹੋਈ ਹੈ, ਇਸ ਲਈ ਜ਼ਮੀਰਾਂ ਅਤੇ ਜ਼ਮੀਨਾਂ ਬਚਾਉਣ ਦੀ ਲੜਾਈ ਵਿੱਚ ਫੋਟੋਗ੍ਰਾਫ਼ਰ ਤਨ,ਮਨ,ਧਨ ਨਾਲ ਪੂਰੀ ਹਮਾਇਤ ਕਰਦੇ ਰਹਿਣਗੇ, ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਇਸ ਮੌਕੇ ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀਆਂ ਬਰਨਾਲਾ, ਧਨੌਲਾ, ਰੂੜੇਕੇ, ਤਪਾ, ਭਦੌੜ ਇਕਾਈਆਂ ਦੇ ਸਾਰੇ ਮੈਂਬਰ/ਫੋਟੋਗ੍ਰਾਫ਼ਰ ਹਾਜ਼ਰ ਸਨ।
