- ਪੁਲਿਸ ਨੇ ਮਿ੍ਤਕ ਦੇ ਸਹੁਰਾ ਪਰਿਵਾਰ ’ਤੇ ਕੀਤਾ ਮਾਮਲਾ ਦਰਜ,ਪਤੀ ਗਿ੍ਰਫਤਾਰ ਬਾਕੀ ਦੋਸ਼ੀ ਫਰਾਰ
ਬਰਨਾਲਾ, 03 ਸਤੰਬਰ (ਨਿਰਮਲ ਸਿੰਘ ਪੰਡੋਰੀ) : ਸ਼ਹਿਰ ਦੇ ਸਦਰ ਬਜ਼ਾਰ ’ਚ ਇੱਕ ਵਿਆਹੁਤਾ ਲੜਕੀ ਦੀ ਲਾਸ਼ ਰੱਖ ਕੇ ਉਸ ਦੇ ਵਾਰਿਸਾਂ ਨੇ ਮਿ੍ਰਤਕ ਦੇ ਸਹੁਰੇ ਪਰਿਵਾਰ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਤੁਰੰਤ ਗਿ੍ਰਫਤਾਰੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਕੱਲ ਸੇਖਾ ਰੋਡ ’ਤੇ ਰਹਿਣ ਵਾਲੇ ਪੰਕਜ ਕੁਮਾਰ ਦੀ ਪਤਨੀ ਚੰਚਲ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋ ਗਈ ਸੀ, ਜਿਸ ਸੰਬੰਧੀ ਚੰਚਲ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਨਾਂ ਦੀ ਬੇਟੀ ਨੂੰ ਗਲ ਘੁੱਟ ਕੇ ਸਹੁਰੇ ਪਰਿਵਾਰ ਨੇ ਮਾਰਿਆ ਹੈ। ਮਿ੍ਤਕ ਚੰਚਲ ਦੇ ਭਰਾ ਕ੍ਰਿਸ਼ਨ ਕੁਮਾਰ ਵਾਸੀ ਜਗਰਾਓ ਨੇ ਦੱਸਿਆ ਕਿ ਉਸ ਦੀ ਭੈਣ ਚੰਚਲ ਦਾ ਵਿਆਹ 6 ਸਾਲ ਪਹਿਲਾਂ ਸੇਖਾ ਰੋਡ ਵਾਸੀ ਪੰਕਜ ਕੁਮਾਰ ਨਾਲ ਹੋਇਆ ਸੀ, ਜਿਸ ਦੇ 2 ਬੱਚੇ ਹਨ। ਉਨਾਂ ਕਿਹਾ ਕਿ ਸ਼ੁਰੂ ਤੋਂ ਹੀ ਪੰਕਜ ਕੁਮਾਰ ਵੱਲੋਂ ਚੰਚਲ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਬਹੁਤ ਜਿਆਦਾ ਤੰਗ ਕੀਤਾ ਜਾਂਦਾ ਸੀ। ਉਨਾਂ ਦੱਸਿਆ ਕਿ ਚੰਚਲ ਦੀ ਮੌਤ ਸੰਬੰਧੀ ਉਸ ਦੇ ਸਹੁਰਾ ਪਰਿਵਾਰ ਨੇ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਸਗੋਂ ਆਂਢ-ਗੁਆਂਢ ਤੋਂ ਹੀ ਕਿਸੇ ਨੇ ਫੋਨ ਕਰਕੇ ਸਾਨੂੰ ਦੱਸਿਆ ਤਾਂ ਅਸੀਂ ਆ ਕੇ ਦੇਖਿਆ ਕਿ ਚੰਚਲ ਦੇ ਸਰੀਰ ਉੱਪਰ ਤਸ਼ੱਦਦ ਦੇ ਨਿਸ਼ਾਨ ਹਨ ਅਤੇ ਉਸ ਦੇ ਗਲ ਉੱਪਰ ਰੱਸੀ ਦੇ ਨਿਸ਼ਾਨ ਸਾਫ਼ ਦੱਸ ਰਹੇ ਹਨ ਕਿ ਸਹੁਰਾ ਪਰਿਵਾਰ ਨੇ ਉਸ ਨੂੰ ਗਲ ਘੁੱਟ ਕੇ ਮਾਰਿਆ ਹੈ।
ਇਸ ਸੰਬੰਧੀ ਮੌਕੇ ’ਤੇ ਪੁੱਜੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਪਰਿਵਾਰ ਨੂੰ ਦੱਸਿਆ ਕਿ ਮਿ੍ਰਤਕ ਚੰਚਲ ਦੇ ਪਤੀ ਪੰਕਜ ਕੁਮਾਰ,ਸੱਸ ਸਲੋਚਨਾ, ਨਣਦ ਬਿੰਦੀਆ ਅਤੇ ਪੰਕਜ ਕੁਮਾਰ ਦੇ ਤਾਇਆ ਮੱਖਣ ਲਾਲ ਦੇ ਖ਼ਿਲਾਫ਼ ਧਾਰਾ 304,120ਬੀ ਤਹਿਤ ਥਾਣਾ ਸਿਟੀ-2 ਵਿਖੇ ਮੁਕੱਦਮਾ ਨੰਬਰ 444 ਦਰਜ ਕਰਕੇ ਮਿ੍ਤਕ ਦੇ ਪਤੀ ਪੰਕਜ ਕੁਮਾਰ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ। ਉਨਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮਾਮਲੇ ਸੰਬੰਧੀ ਪੂਰਾ ਇਨਸਾਫ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਧਰਨਾ ਚੁੱਕ ਲਿਆ।