ਚੰਡੀਗੜ,08 ਸਤੰਬਰ (ਜੀ98 ਨਿਊਜ਼) : ਪੰਜਾਬ ਰੋਡਵੇਜ ਅਤੇ ਪੀਆਰਟੀਸੀ ਨੂੰ ਮਾਲੀ ਰਗੜਾ ਲਾਉਣ ਵਾਲੀ ਵੱਡੇ ਸਿਆਸੀ ਲਾਣੇ ਦੀਆਂ ਪੰਜਾਬ ਦੀਆਂ ਸੜਕਾਂ ’ਤੇ ਨਾਜਾਇਜ਼ ਦੌੜਦੀਆਂ ਲਾਰੀਆਂ ਬੰਦ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਇਨਾਂ ਪ੍ਰਾਈਵੇਟ ਬੱਸਾਂ ਦੇ ਗੈਰਕਾਨੂੰਨੀ ਪਰਮਿਟ ਰੱਦ ਕਰਨ ਸੰਬੰਧੀ ਸਰਕਾਰ ਨੇ ਆਪਣੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਹੁਣ ਇਹ ਫਾਈਲ ਐਡਵੋਕੇਟ ਜਨਰਲ ਦੇ ਮੇਜ਼ ਉੱਪਰ ਹੈ। ਜ਼ਿਕਰਯੋਗ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਸਨਾਖ਼ਤ ਕੀਤੇ ਅਜਿਹੇ 700 ਦੇ ਕਰੀਬ ਗੈਰਕਾਨੂੰਨੀ ਪਰਮਿਟ ਹਨ ਜਿਨਾਂ ਨੇ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀ ਆਰਥਿਕ ਚੂਲ ਢਿੱਲੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਸਮੇਂ ਸੂਬੇ ’ਚ ਚਲਦੀਆਂ ਨਾਜਾਇਜ਼ ਬੱਸਾਂ ਬੰਦ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਹ ਵਾਅਦਾ ਹੁਣ ਤੱਕ ਚੋਣ ਜੁਮਲਾ ਬਣਿਆ ਰਿਹਾ। ਪੰਜਾਬ ਦੀ ਵਿਰੋਧੀ ਧਿਰ ਦਾ ਦੋਸ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਬਾਦਲ ਪਰਿਵਾਰ ਦੀਆਂ ਨਾਜਾਇਜ਼ ਚਲਦੀਆਂ ਬੱਸਾਂ ਬੰਦ ਕਰਨ ਸੰਬੰਧੀ ਗੰਭੀਰ ਨਹੀਂ ਸਨ ਅਤੇ ਹੁਣ ਵੀ ਜੋ ਪ੍ਰਕਿਰਿਆ ਕੀਤੀ ਜਾ ਰਹੀ ਹੈ ਇਹ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਹੀ ਕਾਰਵਾਈ ਹੈ। ਦੱਸਣਯੋਗ ਹੈ ਕਿ ਉਕਤ 700 ਗੈਰਕਾਨੂੰਨੀ ਪਰਮਿਟਾਂ ਵਿੱਚ ਬਹੁਤੇ ਪਰਮਿਟ ਬਾਦਲ ਪਰਿਵਾਰ ਦੇ ਹਨ ਅਤੇ ਬਾਕੀ ਵੀ ਸਿੱਧੇ-ਅਸਿੱਧੇ ਤੌਰ ’ਤੇ ਸਿਆਸੀ ਘਰਾਣਿਆਂ ਨਾਲ ਹੀ ਸੰਬੰਧਿਤ ਹਨ।