ਬਰਨਾਲਾ, 24 ਸਤੰਬਰ (ਨਿਰਮਲ ਸਿੰਘ ਪੰਡੋਰੀ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਲ ਇੰਡੀਆ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਦੇ ਸੱਦੇ ’ਤੇ ਆਪਣੀਆਂ ਮੰਗਾਂ ਮਨਾਉਣ ਲਈ ਦੇਸ਼ ਵਿਆਪੀ ਹੜਤਾਲ ਤਹਿਤ ਡੀਸੀ ਦਫ਼ਤਰ ਬਰਨਾਲਾ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਹੱਕੀ ਮੰਗਾਂ ਸੰਬੰਧੀ ਸਰਕਾਰਾਂ ਨੇ ਜਾਣਬੁੁੱਝ ਕੇ ਢੀਠਤਾਈ ਨੀਤੀ ਅਪਣਾਈ ਹੋਈ ਹੈ ਜਿਸ ਕਾਰਨ ਵਰਕਰਾਂ/ਹੈਲਪਰਾਂ ’ਚ ਰੋਸ ਵੱਧ ਰਿਹਾ ਹੈ। ਉਨਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਆਂਗਣਵਾੜੀ ਸੈਂਟਰਾਂ ’ਚ ਵਾਪਸ ਲਿਆਉਣ ਲਈ ਅਤੇ 3 ਤੋਂ 6 ਸਾਲ ਦੇ ਬੱਚੇ ਦਾ ਦਾਖਲਾ ਆਂਗਣਵਾੜੀ ਕੇਂਦਰ ਵਿੱਚ ਯਕੀਨੀ ਬਣਾਉਣ ਲਈ ਕਈ ਮਹੀਨਿੀਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰ/ਹੈਲਪਰ ਨੂੰ ਘੱਟੋ-ਘੱਟ ਵੇਜ਼ ਦੇ ਘੇਰੇ ਵਿੱਚ ਲਿਆਉਣਾ ਅਤੇ ਦਸ ਹਜ਼ਾਰ ਰੁਪਏ ਪੈਨਸ਼ਨ ਨਿਰਧਾਰਤ ਕਰਨਾ, ਅਡਵਾਈਜ਼ਰੀ ਬੋਰਡ ਤੇ ਚਾਈਲਡ ਵੈਲਫੇਅਰ ਅਧੀਨ ਚਲਦੇ ਆਂਗਣਵਾੜੀ ਕੇਂਦਰਾਂ ਨੂੰ ਵਾਪਸ ਵਿਭਾਗ ਵਿੱਚ ਲਿਆਉਣਾ,ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਬਣਾਉਣ, ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ, ਪਖ਼ਾਨੇ ਤੇ ਫ਼ਨੀਚਰ ਦਾ ਪ੍ਰਬੰਧ ਅਤੇ ਟੀਏ/ਡੀਏ ਵਧਾਉਣ ਸਮੇਤ ਨਵੇਂ ਮੋਬਾਇਲ ਸੈੱਟ ਤੇ ਮੋਬਾਇਲ ਭੱਤਾ ਦੇਣ ਵਰਗੀਆਂ ਹੱਕੀ ਮੰਗਾਂ ਪ੍ਰਤੀ ਜੇਕਰ ਸਰਕਾਰ ਨੇ ਗੱਲ ਨਾਲ ਸੁਣੀ ਤਾਂ ਆਂਗਣਵਾੜੀ ਵਰਕਰਾਂ/ਹੈਲਪਰਾਂ ਆਪਣੇ ਅਧਿਕਾਰਾਂ ਦੀ ਰਾਖੀ ਲਈ ‘ਕਰੋ ਜਾਂ ਮਰੋ’ ਨੀਤੀ ਤਹਿਤ ਸੰਘਰਸ਼ ਕਰਨਗੀਆਂ ਕਿਉਂਕਿ ਹੁਣ ਆਂਗਣਵਾੜੀ ਵਰਕਰਾਂ ਦਾ ਸਬਰ ਟੁੱਟ ਚੁੱਕਾ ਹੈ। ਇਸ ਮੌਕੇ ਮਜਦੂਰ ਆਗੂ ਸ਼ੇਰ ਸਿੰਘ ਫਰਵਾਹੀ , ਬਲਜੀਤ ਕੌਰ ਖਜ਼ਾਨਚੀ, ਕਰਮਜੀਤ ਕੌਰ ਬਲਾਕ ਪ੍ਰਧਾਨ ਮਹਿਲ ਕਲਾਂ, ਸੁਰਿੰਦਰ ਕੌਰ ਰਾਏਸਰ, ਰਾਜੇਸ ਕੁਮਾਰੀ ਬਰਨਾਲਾ, ਸਰਬਜੀਤ ਕੌਰ ਲੋਹਗੜ, ਗੁਰਪ੍ਰੀਤ ਕੌਰ ਲੋਹਗੜ, ਪਰਮਜੀਤ ਕੌਰ ਮਹਿਲ ਖੁਰਦ, ਜਸਵਿੰਦਰ ਕੌਰ ਮਹਿਲ ਖੁਰਦ, ਰਜਨੀ ਤਪਾ, ਅਨੀਤਾ ਭਦੌੜ ਆਦਿ ਨੇ ਵੀ ਸੰਬੋਧਨ ਕੀਤਾ।