ਬਰਨਾਲਾ, 24 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪਿੰਡ ਠੀਕਰੀਵਾਲਾ ਦੇ ਰੂਰਲ ਹਸਪਤਾਲ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਦਰੱਖ਼ਤ ਕੱਟੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਰੂਰਲ ਹਸਪਤਾਲ ਦੀ ਮੈਡੀਕਲ ਅਫ਼ਸਰ ਡਾ. ਖੁਸ਼ਪ੍ਰੀਤ ਕੌਰ ਨੇ ਐਸਐਮਓ ਧਨੌਲਾ, ਸਿਵਲ ਸਰਜਨ ਬਰਨਾਲਾ ਅਤੇ ਵਣ ਵਿਭਾਗ ਬਰਨਾਲਾ ਦੇ ਅਫਸਰਾਂ ਨੂੰ ਇੱਕ ਪੱਤਰ ਲਿਖ ਕੇ ਦਰੱਖ਼ਤ ਕੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡਾ. ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਸਟਾਫ ਦੀ ਗੈਰਹਾਜ਼ਰੀ ਵਿੱਚ (ਡਿਊਟੀ ਸਮੇਂ ਤੋਂ ਬਾਅਦ ) ਰੂਰਲ ਹਸਪਤਾਲ ਦੀ ਹਦੂਦ ਅੰਦਰ ਲੱਗੇ ਦਰੱਖ਼ਤ ਉੱਪਰੋ ਕੱਟ ਦਿੱਤੇ ਹਨ। ਉਨਾਂ ਦੱਸਿਆ ਕਿ ਇਹ ਦਰੱਖ਼ਤ ਬਿਨਾਂ ਕਿਸੇ ਕਾਰਨ ਅਤੇ ਲੋੜੀਦੀ ਮਨਜ਼ੂਰੀ ਤੋਂ ਬਿਨਾਂ ਕੱਟੇ ਗਏ ਹਨ। ਜਿਸ ਸੰਬੰਧੀ ਸਾਰਾ ਮਾਮਲਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਉਕਤ ਮਾਮਲੇ ’ਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।