-ਪਿੰਡ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ…!
ਬਰਨਾਲਾ 26 ਸਤੰਬਰ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਜੱਸਾ ਦੀ ਇੱਕ ਹੋਣਹਾਰ ਵਿਦਿਆਰਥਣ ਲੜਕੀ ਨਵਜੋਤ ਕੌਰ ਨੇ ਇਕ ਬਹੁਤ ਹੀ ਮਾਣ ਮੱਤੀ ਪ੍ਰਾਪਤੀ ਕਰਕੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਨਵਜੋਤ ਕੌਰ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਬਠਿੰਡਾ ਦੀ ਵਿਦਿਆਰਥਣ ਹੈ, ਜਿਸ ਨੇ ਐੱਨਐੱਸਐੱਸ ਦੇ ਖੇਤਰ ‘ਚ ਕੌਮੀ ਐਵਾਰਡ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਇਹ ਐਵਾਰਡ ਜਿੱਤਣ ਵਾਲੀ ਪੰਜਾਬ ਦੀ ਇਕਲੌਤੀ ਵਿਦਿਆਰਥਣ ਹੈ। ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਜੀ ਨੇ 24 ਸਤੰਬਰ ਨੂੰ ਨਵਜੋਤ ਕੌਰ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਦੀਆਂ ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਹਨ। ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਕੁਲਵੰਤ ਸਿੰਘ, ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ, ਅਤੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਦੱਸਿਆ ਕਿ ਨਵਜੋਤ ਕੌਰ ਬਹੁਤ ਹੀ ਐਕਟਿਵ ਐੱਨਐੱਸਐੱਸ ਵਲੰਟੀਅਰ ਹੋਣ ਦੇ ਨਾਲ ਨਾਲ ਗੱਤਕਾ ਚੈਂਪੀਅਨਸ਼ਿਪ ਦੀ ਵੀ ਗੋਲਡ ਮੈਡਲਿਸਟ ਹੈ ਜਿਸਨੇ ਗਣਤੰਤਰ ਦਿਵਸ ਪਰੇਡ ਤੋਂ ਲੈ ਕੇ ਅਨੇਕਾਂ ਕੌਮੀ ਏਕਤਾ ਕੈਂਪ, ਐੱਨਐੱਸਐੱਸ ਕੈਂਪ, ਐਡਵੈਂਚਰ ਅਤੇ ਟਰੈਕਿੰਗ ਕੈਂਪ, ਖੂਨਦਾਨ ਕੈਂਪ ਅਤੇ ਹੋਰ ਅਨੇਕਾਂ ਸਮਾਜ ਸੇਵੀ ਗਤੀਵਿਧੀਆਂ ਵਿੱਚ ਭਾਗ ਲੈਂਦੀ ਹੈ। ਨਵਜੋਤ ਕੌਰ ਕਾਲਜ ਵਿਚ ਪੀਜੀਡੀਸੀਏ ਦੀ ਵਿਦਿਆਰਥਣ ਹੈ।

ਰਾਸ਼ਟਰਪਤੀ ਜੀ ਤੋਂ ਐਵਾਰਡ ਲੈਣ ਉਪਰੰਤ ਪਿੰਡ ਪੁੱਜੀ ਨਵਜੋਤ ਕੌਰ ਦਾ ਧਨੌਲਾ ਵਿਖੇ ਸਮਾਜਿਕ, ਰਾਜਨੀਤਿਕ, ਧਾਰਮਿਕ ਜਥੇਬੰਦੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਪਿੰਡ ਦੇ ਨੌਜਵਾਨ ਸਰਪੰਚ ਗੁਰਮੁਖ ਸਿੰਘ ਦੀ ਅਗਵਾਈ ਹੇਠ ਧਨੌਲਾ ਤੋਂ ਪਿੰਡ ਭੈਣੀ ਜੱਸਾ ਤਕ ਖੁੱਲ੍ਹੀ ਜੀਪ ‘ਚ ਸਵਾਰ ਕਰਕੇ ਪਿੰਡ ਲੈ ਕੇ ਗਏ। ਪਿੰਡ ਭੈਣੀ ਜੱਸਾ ਪੁੱਜਣ ‘ਤੇ ਨਵਜੋਤ ਕੌਰ ਦਾ ਪਿੰਡ ਦੀ ਪੰਚਾਇਤ, ਯੂਥ ਕਲੱਬਾਂ, ਗੁਰਦੁਆਰਾ ਕਮੇਟੀਆਂ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਇਕੱਠ ਕਰਕੇ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ। ਪਿੰਡ ਵਾਸੀ ਆਪਣੇ ਪਿੰਡ ਦੀ ਹੋਣਹਾਰ ਧੀ ਦੀ ਇਸ ਪ੍ਰਾਪਤੀ ਉਪਰ ਮਾਣ ਮਹਿਸੂਸ ਕਰ ਰਹੇ ਹਨ। ਸਰਪੰਚ ਗੁਰਮੁਖ ਸਿੰਘ ਨੇ ਕਿਹਾ ਕਿ ਨਵਜੋਤ ਕੌਰ ਨੇ ਸਿਰਫ਼ ਪਿੰਡ ਭੈਣੀ ਜੱਸਾ, ਬਰਨਾਲਾ ਜ਼ਿਲ੍ਹੇ ਦਾ ਨਾਮ ਹੀ ਨਹੀ,ਸਗੋਂ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦੀ ਪ੍ਰਾਪਤੀ ਧੀਆਂ ਅਤੇ ਪੁੱਤਰਾਂ ਵਿਚ ਫ਼ਰਕ ਸਮਝਣ ਵਾਲੇ ਰੂੜ੍ਹੀਵਾਦੀ ਵਿਚਾਰਧਾਰਾ ਦੇ ਲੋਕਾਂ ਲਈ ਇੱਕ ਪੈਗ਼ਾਮ ਵੀ ਹੈ।
